ਚਲਦੀ ਬੱਸ ਵਿਚ 20 ਲੋਕ ਜ਼ਿੰਦਾ ਸੜੇ, 16 ਦੀ ਹਾਲਤ ਨਾਜ਼ੁਕ


ਸਿਰਫ਼ 5 ਦਿਨ ਪੁਰਾਣੀ ਸੀ ਅੱਗ ਦਾ ਗੋਲਾ ਬਣੀ ਬੱਸ
(ਨਿਊਜ਼ ਟਾਊਨ ਨੈਟਵਰਕ)
ਜੈਸਲਮੇਰ, 15 ਅਕਤੂਬਰ : ਰਾਜਸਥਾਨ ਦੇ ਜੈਸਲਮੇਰ-ਜੋਧਪੁਰ ਹਾਈਵੇਅ ‘ਤੇ ਮੰਗਲਵਾਰ ਦੁਪਹਿਰ ਲਗਭਗ 3:30 ਵਜੇ ਇਕ ਏ.ਸੀ ਸਲੀਪਰ ਬੱਸ ਨੂੰ ਅਚਾਨਕ ਅੱਗ ਲੱਗ ਗਈ ਜਿਸ ਕਾਰਨ ਯਾਤਰੀਆਂ ਵਿਚ ਦਹਿਸ਼ਤ ਫੈਲ ਗਈ। ਬੱਸ ਵਿਚ ਕੁੱਲ 57 ਯਾਤਰੀ ਸਵਾਰ ਸਨ। ਹਾਦਸੇ ਵਿਚ ਹੁਣ ਤਕ 20 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 16 ਯਾਤਰੀ ਗੰਭੀਰ ਰੂਪ ਵਿਚ ਝੁਲਸ ਗਏ ਹਨ। ਜੈਸਲਮੇਰ ਤੋਂ ਜੋਧਪੁਰ ਤਕ 275 ਕਿਲੋਮੀਟਰ ਲੰਬਾ ਗ੍ਰੀਨ ਕੋਰੀਡੋਰ ਬਣਾ ਕੇ ਜ਼ਖ਼ਮੀ ਯਾਤਰੀਆਂ ਨੂੰ ਤੁਰੰਤ ਹਸਪਤਾਲਾਂ ਵਿਚ ਪਹੁੰਚਾਇਆ ਗਿਆ। ਸਥਾਨਕ ਅਧਿਕਾਰੀਆਂ ਅਨੁਸਾਰ ਬੱਸ ਜੋਧਪੁਰ ਸਥਿਤ ਇੱਕੂ ਕੰਪਨੀ ਤੋਂ ਸਿਰਫ਼ ਪੰਜ ਦਿਨ ਪਹਿਲਾਂ ਹੀ ਨਵੀਂ ਖ਼ਰੀਦੀ ਗਈ ਸੀ। ਹਾਦਸੇ ਦਾ ਕਾਰਨ ਸ਼ਾਰਟ ਸਰਕਟ ਹੋਣ ਦਾ ਸ਼ੱਕ ਹੈ। ਤੇਜ਼ ਅੱਗ ਅਤੇ ਧੂੰਏਂ ਕਾਰਨ ਬਹੁਤ ਸਾਰੇ ਯਾਤਰੀਆਂ ਨੂੰ ਆਪਣੀ ਜਾਨ ਬਚਾਉਣ ਲਈ ਖਿੜਕੀਆਂ ਅਤੇ ਦਰਵਾਜ਼ਿਆਂ ਤੋਂ ਛਾਲ ਮਾਰਨੀ ਪਈ। ਜ਼ਿਆਦਾਤਰ ਯਾਤਰੀਆਂ ਦੀ ਹਾਲਤ ਗੰਭੀਰ ਸੀ, ਜਿਨ੍ਹਾਂ ਵਿਚੋਂ ਕੁਝ 70 ਪ੍ਰਤੀਸ਼ਤ ਤਕ ਸੜ ਗਏ ਸਨ। ਸਥਾਨਕ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚ ਗਈਆਂ। ਜੈਸਲਮੇਰ ਨਗਰ ਪ੍ਰੀਸ਼ਦ ਦੇ ਸਹਾਇਕ ਫਾਇਰ ਅਫਸਰ ਕ੍ਰਿਸ਼ਨਪਾਲ ਸਿੰਘ ਰਾਠੌਰ ਨੇ ਕਿਹਾ ਕਿ ਅੱਗ ਇੰਨੀ ਭਿਆਨਕ ਸੀ ਕਿ 15 ਤੋਂ ਵੱਧ ਲੋਕਾਂ ਦੇ ਸੜਨ ਕਾਰਨ ਮਰਨ ਦਾ ਖ਼ਦਸ਼ਾ ਹੈ। ਉਨ੍ਹਾਂ ਕਿਹਾ ਕਿ ਸਥਾਨਕ ਲੋਕਾਂ ਅਤੇ ਬਚਾਅ ਟੀਮਾਂ ਨੇ ਮਿਲ ਕੇ ਕਈ ਯਾਤਰੀਆਂ ਨੂੰ ਬਚਾਇਆ। ਹਾਦਸੇ ਦੇ ਮੱਦੇਨਜ਼ਰ, ਹਾਈਵੇਅ ਦੇ ਨਾਲ ਲੱਗਦੇ ਸਾਰੇ ਪੁਲਿਸ ਥਾਣਿਆਂ ਦੀਆਂ ਟੀਮਾਂ ਨੂੰ ਵਿਸ਼ੇਸ਼ ਨਿਰਦੇਸ਼ ਦਿਤੇ ਗਏ ਹਨ ਕਿ ਐਂਬੂਲੈਂਸਾਂ ਅਤੇ ਰਾਹਤ ਵਾਹਨ ਬਿਨਾਂ ਕਿਸੇ ਰੁਕਾਵਟ ਦੇ ਉਨ੍ਹਾਂ ਦੀਆਂ ਮੰਜ਼ਿਲਾਂ ‘ਤੇ ਪਹੁੰਚਣ। ਇਕ ਗ੍ਰੀਨ ਕੋਰੀਡੋਰ ਬਣਾ ਕੇ ਗੰਭੀਰ ਰੂਪ ਵਿਚ ਸੜੇ ਹੋਏ 16 ਯਾਤਰੀਆਂ ਨੂੰ ਜੋਧਪੁਰ ਲਿਆਂਦਾ ਗਿਆ। ਇਨ੍ਹਾਂ ਵਿਚੋਂ ਚੌਦਾਂ ਦਾ ਮਹਾਤਮਾ ਗਾਂਧੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ, ਜਦਕਿ ਇਕ ਨੂੰ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਇਹ ਵੀ ਐਲਾਨ ਕੀਤਾ ਕਿ ਹਰ ਇਕ ਮ੍ਰਿਤਕ ਦੇ ਰਿਸ਼ਤੇਦਾਰ ਨੂੰ 2 ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50,000 ਰੁਪਏ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ (ਪੀ.ਐਮ.ਐਨ.ਆਰ.ਐਫ.) ਵਿਚੋਂ ਦਿਤੇ ਜਾਣਗੇ।