ਪਟਿਆਲਾ ‘ਚ ਡਾਇਰੀਆ ਕਾਰਨ 2 ਮੌਤਾਂ, 35 ਨਵੇਂ ਮਾਮਲੇ

0
deaths 2

ਪਟਿਆਲਾ, 6 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਪਟਿਆਲਾ ਵਿਚ ਡਾਇਰੀਆ ਦੀ ਲਪੇਟ ਵਿਚ ਆਉਣ ਕਾਰਨ 2 ਲੋਕਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ‘ਚ ਵਿਚ ਇਕ ਬੱਚਾ ਤੇ ਇਕ ਔਰਤ ਸ਼ਾਮਲ ਹਨ। ਇਸਤੋਂ ਇਲਾਵਾ ਹੁਣ ਤਕ ਵਾਰਡ ਨੰਬਰ 15 ਪਿੰਡ ਅਲੀਪੁਰ ਅਰਾਈਆਂ ਖੇਤਰ ਵਿਚ ਡਾਇਰੀਆ ਦੇ 54 ਕੇਸ ਸਾਹਮਣੇ ਆ ਚੁੱਕੇ ਹਨ।

ਇਸਤੋਂ  ਪਹਿਲਾਂ ਬੀਤੇ ਦਿਨ ਫੋਕਲ ਪੁਆਇੰਟ ਨੇੜੇ ਵੀ ਦਸਤ ਦੇ 35 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਵਿਚ ਹੜਕੰਪ ਮਚ ਗਿਆ। ਇਨ੍ਹਾਂ ਵਿਚੋਂ  ਅੱਠ ਮਰੀਜ਼ ਮਾਤਾ ਕੌਸ਼ਲਿਆ ਹਸਪਤਾਲ ਵਿਚ ਦਾਖਲ ਹਨ। ਸਿਵਲ ਸਰਜਨ ਡਾ. ਜਗਪਾਲ ਇੰਦਰ ਸਿੰਘ ਨੇ ਉਪਰੋਕਤ ਮਾਮਲੇ ਦੀ ਪੁਸ਼ਟੀ ਕੀਤੀ ਸੀ।

ਜਾਣਕਾਰੀ ਅਨੁਸਾਰ ਅਲੀਪੁਰ ਵਿਚ ਪਾਣੀ ਦੀ ਸਪਲਾਈ ਲਾਈਨ ਵਿਚ ਲੀਕੇਜ ਹੋਣ ਕਾਰਨ ਸੀਵਰੇਜ ਅਤੇ ਮੀਂਹ ਦਾ ਪਾਣੀ ਉਸ ਵਿਚ ਰਲ ਰਿਹਾ ਸੀ, ਜਿਸ ਕਾਰਨ ਪੀਣ ਕਾਰਨ ਅਚਾਨਕ ਇੰਨੇ ਸਾਰੇ ਮਰੀਜ਼ ਆ ਗਏ ਹਨ। ਦੱਸ ਦੇਈਏ ਕਿ ਕਈ ਦਿਨਾਂ ਤੋਂ ਇਲਾਕੇ ਦੇ ਵਸਨੀਕ ਦੂਸ਼ਿਤ ਪਾਣੀ ਦੀ ਸਪਲਾਈ ਦੀਆਂ ਸ਼ਿਕਾਇਤਾਂ ਲੈ ਕੇ ਨਗਰ ਨਿਗਮ ਤਕ ਪਹੁੰਚ ਕਰ ਰਹੇ ਸਨ, ਪਰ ਅਧਿਕਾਰੀਆਂ ਨੇ ਇਨ੍ਹਾਂ ਸ਼ਿਕਾਇਤਾਂ ਨੂੰ ਹਲਕੇ ਵਿਚ ਲਿਆ। ਲੋਕਾਂ ਦਾ ਕਹਿਣਾ ਸੀ ਕਿ ਨਾ ਤਾਂ ਅਧਿਕਾਰੀਆਂ ਨੇ ਪਾਣੀ ਦੇ ਨਮੂਨੇ ਲਏ ਅਤੇ ਨਾ ਹੀ ਸਮੱਸਿਆ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਦਾ ਖਮਿਆਜ਼ਾ ਹੁਣ ਇਲਾਕੇ ਦੇ ਵਸਨੀਕਾਂ ਨੂੰ ਭੁਗਤਣਾ ਪੈ ਰਿਹਾ ਹੈ। ਨਿਗਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਵੇਂ ਹੀ ਉਨ੍ਹਾਂ ਨੂੰ ਜਾਣਕਾਰੀ ਮਿਲੀ, ਉਨ੍ਹਾਂ ਨੇ ਇਲਾਕੇ ਦੀ ਪਾਣੀ ਸਪਲਾਈ ਲਾਈਨ ਬੰਦ ਕਰ ਦਿਤੀ। ਰੱਖ-ਰਖਾਅ ਤੋਂ ਬਾਅਦ ਪਾਈਪਲਾਈਨ ਦੀ ਮੁਰੰਮਤ ਵੀ ਕਰ ਦਿਤੀ ਗਈ ਹੈ।

ਦਸਤ ਫੈਲਣ ਦਾ ਮੁੱਖ ਕਾਰਨ ਇਲਾਕੇ ਵਿਚ ਪਾਣੀ ਦੀ ਸਪਲਾਈ ਲਾਈਨ ਵਿਚ ਲੀਕੇਜ ਹੈ। ਦਸਤ ਫੈਲਣ ਤੋਂ ਬਾਅਦ ਸਿਹਤ ਵਿਭਾਗ ਨੇ ਤੁਰੰਤ ਇਲਾਕੇ ਦੇ ਸਾਰੇ ਘਰਾਂ ਦਾ ਸਰਵੇਖਣ ਕਰਨ ਲਈ ਪੰਜ ਟੀਮਾਂ ਭੇਜੀਆਂ ਅਤੇ ਇਲਾਕੇ ਦੀ ਪਾਣੀ ਦੀ ਸਪਲਾਈ ਬੰਦ ਕਰ ਦਿਤੀ। ਵਿਭਾਗ ਨੇ ਇਲਾਕੇ ਵਿਚ ਇਕ ਅਸਥਾਈ ਡਿਸਪੈਂਸਰੀ ਸਥਾਪਤ ਕੀਤੀ ਹੈ, ਜਿੱਥੇ ਪ੍ਰਭਾਵਿਤ ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ, ਨਗਰ ਨਿਗਮ ਇਲਾਕੇ ਵਿਚ ਟੈਂਕਰ ਭੇਜ ਕੇ ਲੋਕਾਂ ਨੂੰ ਪਾਣੀ ਮੁਹੱਈਆ ਕਰਵਾ ਰਿਹਾ ਹੈ।

Leave a Reply

Your email address will not be published. Required fields are marked *