ਮੋਹਾਲੀ SSP ਦਫ਼ਤਰ ਬਾਹਰ ਕਤਲ ਮਾਮਲੇ ‘ਚ 2 ਆਰੋਪੀ ਗ੍ਰਿਫ਼ਤਾਰ, ਮੋਟਰਸਾਈਕਲ ਤੇ ਗੱਡੀ ਬਰਾਮਦ

28 ਜਨਵਰੀ ਨੂੰ ਮੋਹਾਲੀ SSP ਦਫ਼ਤਰ ਬਾਹਰ ਕੀਤਾ ਗਿਆ ਸੀ ਗੁਰਵਿੰਦਰ ਸਿੰਘ ਦਾ ਕਤਲ

ਚੰਡੀਗੜ੍ਹ, 5 ਫਰਵਰੀ (ਦੁਰਗੇਸ਼ ਗਾਜਰੀ) : ਮੋਹਾਲੀ ਦੇ ਐੱਸ.ਐੱਸ.ਪੀ. ਦਫ਼ਤਰ ਦੇ ਬਾਹਰ ਗੋਲੀਆਂ ਮਾਰ ਕੇ ਗੁਰਵਿੰਦਰ ਸਿੰਘ ਦੀ ਕੀਤੀ ਹੱਤਿਆ ਦੇ ਮਾਮਲੇ ‘ਚ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਮੋਹਾਲੀ ਪੁਲਿਸ ਨੇ ਹੱਤਿਆ ਕਰਨ ਵਾਲੇ ਮੁਲਜ਼ਮਾਂ ਦੀ ਮਦਦ ਕਰਨ ਵਾਲੇ 2 ਆਰੋਪੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਨ੍ਹਾਂ ਦੀ ਪਛਾਣ ਬਲਤੇਜ ਸਿੰਘ ਉਰਫ਼ ਬੰਟੀ ਪਿੰਡ ਟਹਿਣਾ ਜ਼ਿਲ੍ਹਾ ਫਰੀਦਕੋਟ ਅਤੇ ਮੰਗਤ ਸਿੰਘ ਉਰਫ਼ ਮੈਕਸ ਵਾਸੀ ਜਲਾਲਾਬਾਦ ਵਜੋਂ ਹੋਈ ਹੈ। ਵਾਰਦਾਤ ‘ਚ ਵਰਤਿਆ ਗਿਆ ਮੋਟਰਸਾਈਕਲ ਅਤੇ ਗੱਡੀ ਬਰਾਮਦ ਕੀਤੀ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੋਹਾਲੀ ਦੇ ਐੱਸ.ਐੱਸ.ਪੀ. ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ 28 ਜਨਵਰੀ ਨੂੰ ਗੁਰਵਿੰਦਰ ਸਿੰਘ ਮੋਹਾਲੀ ਅਦਾਲਤ ਵਿਖੇ ਆਪਣੀ ਤਾਰੀਖ਼ ਭੁਗਤਣ ਲਈ ਆਇਆ ਸੀ। ਅਦਾਲਤੀ ਕਾਰਵਾਈ ਤੋਂ ਬਾਅਦ ਜਦੋਂ ਉਹ ਕੋਰਟ ਕੰਪਲੈਕਸ ਦੇ ਬਾਹਰ ਸੜਕ ’ਤੇ ਮੌਜੂਦ ਸੀ ਤਾਂ ਅਣ-ਪਛਾਤੇ ਹਮਲਾਵਰਾਂ ਵਲੋਂ ਉਸ ’ਤੇ ਤਾਬੜਤੋੜ ਗੋਲੀਆਂ ਚਲਾ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ। ਇਸ ਵਾਰਦਾਤ ਮੌਕੇ ਗੁਰਵਿੰਦਰ ਸਿੰਘ ਦੀ ਪਤਨੀ ਵੀ ਨਾਲ ਸੀ, ਜੋ ਕਿ ਬਚ ਗਈ ਸੀ। ਐੱਸ.ਐੱਸ.ਪੀ. ਨੇ ਦੱਸਿਆ ਕਿ ਇਸ ਹੱਤਿਆ ਤੋਂ ਬਾਅਦ ਗੈਂਗਸਟਰ ਗੋਲਡੀ ਬਰਾੜ ਵਲੋਂ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਗਈ ਸੀ। ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਹੱਤਿਆ ਵਿਚ ਸ਼ਾਮਿਲ ਹੋਰ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਾਂਚ ਦੌਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਫਰੀਦਕੋਟ ਦੇ ਰਹਿਣ ਵਾਲੇ ਬਲਤੇਜ ਸਿੰਘ ਉਰਫ਼ ਬੰਟੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਸਨੇ ਖੁਲਾਸਾ ਕੀਤਾ ਕਿ ਉਹ ਯੂਪੀ-ਰਜਿਸਟਰਡ ਹੌਂਡਾ ਇਮੇਜ ਕਾਰ ਦਾ ਡਰਾਈਵਰ ਸੀ ,ਜਿਸ ਵਿੱਚ ਆਰੋਪੀ ਭੱਜ ਗਏ ਸਨ। ਕਾਰ ਉਸਦੇ ਟਿਕਾਣੇ ਤੋਂ ਬਰਾਮਦ ਕੀਤੀ ਗਈ। ਹੋਰ ਜਾਂਚ ਤੋਂ ਪਤਾ ਲੱਗਾ ਕਿ ਮੰਗਤ ਸਿੰਘ ਉਰਫ਼ ਮੈਕਸ, ਜੋ ਕਿ ਜਲਾਲਾਬਾਦ ਦਾ ਰਹਿਣ ਵਾਲਾ ਹੈ, ਨੇ ਦੋਸ਼ੀਆਂ ਨੂੰ ਲੌਜਿਸਟਿਕਲ ਸਹਾਇਤਾ ਪ੍ਰਦਾਨ ਕੀਤੀ। ਉਸਨੇ ਵਾਰਦਾਤ ਵਿੱਚ ਵਰਤਿਆ ਮੋਟਰਸਾਈਕਲ ਅਤੇ ਕਾਰ ਮੁਹੱਈਆ ਕਰਵਾਈ ਸੀ। ਐਸ.ਐਸ.ਪੀ. ਹਰਮਨਦੀਪ ਹੰਸ ਨੇ ਕਿਹਾ ਕਿ ਜਾਂਚ ਦੌਰਾਨ ਸੀ.ਸੀ.ਟੀ.ਵੀ. ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ ਦੋ ਮੁਲਜ਼ਮ ਇੱਕ ਕਾਲੇ ਪਲਸਰ ਮੋਟਰਸਾਈਕਲ ’ਤੇ ਆਏ, ਗੋਲੀਬਾਰੀ ਕੀਤੀ ਅਤੇ ਬਾਅਦ ਵਿੱਚ ਕੱਪੜੇ ਬਦਲ ਕੇ ਚਿੱਟੀ ਹੌਂਡਾ ਅਮੇਜ਼ ਕਾਰ ਵਿੱਚ ਫਰਾਰ ਹੋ ਗਏ। ਤਕਨੀਕੀ ਅਤੇ ਮਨੁੱਖੀ ਖੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਇਹ ਸਾਹਮਣੇ ਆਇਆ ਕਿ ਅਪਰਾਧ ਦੀ ਯੋਜਨਾ ਗੈਂਗਸਟਰ ਗੋਲਡੀ ਬਰਾੜ ਨੇ ਆਪਣੇ ਸਾਥੀਆਂ ਵਿੱਕੀ ਸਿੰਘ ਉਰਫ਼ ਵਿੱਕੀ ਸੱਤੇਵਾਲਾ ਅਤੇ ਰਵੀ ਕੁਮਾਰ ਉਰਫ਼ ਰਵੀ ਫ਼ਰੀਦਕੋਟੀਆ, ਜੋ ਇਸ ਸਮੇਂ ਵਿਦੇਸ਼ ਵਿੱਚ ਹਨ, ਦੀ ਮਦਦ ਨਾਲ ਬਣਾਈ ਸੀ। ਐਸਐਸਪੀ ਨੇ ਅੱਗੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੇ ਖੁਲਾਸੇ ’ਤੇ, ਪੁਲਿਸ ਨੇ ਅਪਰਾਧ ਵਿੱਚ ਵਰਤਿਆ ਕਾਲਾ ਬਜਾਜ ਪਲਸਰ ਮੋਟਰਸਾਈਕਲ ਅਤੇ ਚਿੱਟੀ ਹੋਂਡਾ ਅਮੇਜ਼ ਕਾਰ ਬਰਾਮਦ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਜ਼ਿਸ਼ ਨੂੰ ਪੂਰੀ ਤਰ੍ਹਾਂ ਸੁਲਝਾਉਣ ਲਈ ਬਾਕੀ ਸਾਥੀਆਂ ਅਤੇ ਮਾਸਟਰਮਾਈਂਡਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਫੜਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਇਸ ਸਬੰਧ ਵਿੱਚ ਬੀਐਨਐਸ ਦੀ ਧਾਰਾ 103(1), 109 ਅਤੇ 3(5) ਅਤੇ ਅਸਲਾ ਐਕਟ ਦੀ ਧਾਰਾ 25 ਦੇ ਤਹਿਤ ਐਫਆਈਆਰ ਨੰਬਰ 23 ਮਿਤੀ 28-01-2026 ਨੂੰ ਐਸਏਐਸ ਨਗਰ ਦੇ ਪੁਲਿਸ ਸਟੇਸ਼ਨ ਸੋਹਾਣਾ ਵਿਖੇ ਪਹਿਲਾਂ ਹੀ ਦਰਜ ਹੈ।
