ਆਪ੍ਰੇਸ਼ਨ ਸਿੰਦੂਰ ਦੌਰਾਨ ਪਾਕਿਸਤਾਨ ਦੇ ਮਾਰੇ ਗਏ 155 ਫ਼ੌਜੀ


ਆਪ੍ਰੇਸ਼ਨ ਸਿੰਦੂਰ ਦੌਰਾਨ ਪਾਕਿਸਤਾਨ ਦੇ ਮਾਰੇ ਗਏ 155 ਫ਼ੌਜੀ
ਪਾਕਿਸਤਾਨ ਦੇ ਇਕ ਨਿਊਜ਼ ਚੈਨਲ ਨੇ ਹੀ ਕਰ ਦਿਤਾ ਖ਼ੁਲਾਸਾ

ਨਵੀਂ ਦਿੱਲੀ, 17 ਅਗਸਤ (ਨਿਊਜ਼ ਟਾਊਨ ਨੈਟਵਰਕ) : 22 ਅਪ੍ਰੈਲ ਨੂੰ ਪਹਿਲਗਾਮ ’ਚ ਹੋਏ ਅਤਿਵਾਦੀ ਹਮਲੇ ਮਗਰੋਂ ਭਾਰਤ ਤੇ ਪਾਕਿਸਤਾਨ ਵਿਚਾਲੇ ਜੰਗ ਵਾਲੀ ਸਥਿਤੀ ਬਣ ਗਈ ਸੀ, ਜਿਸ ਦੌਰਾਨ ਦੋਵਾਂ ਦੇਸ਼ਾਂ ਵਲੋਂ ਵੱਡੇ ਪੱਧਰ ’ਤੇ ਸੈਨਿਕ ਕਾਰਵਾਈ ਕੀਤੀ ਗਈ। ਮਈ 2025 ਵਿਚ ਭਾਰਤ ਵਲੋਂ ਕੀਤੀ ਗਈ ਫ਼ੌਜੀ ਕਾਰਵਾਈ ਦੇ ਆਪ੍ਰੇਸ਼ਨ ਸਿੰਦੂਰ ਬਾਰੇ ਇਕ ਵੱਡਾ ਖ਼ੁਲਾਸਾ ਹੋਇਆ ਹੈ, ਜਿਸ ਨੇ ਪਾਕਿਸਤਾਨ ਦੀ ਅਸਲੀਅਤ ਨੂੰ ਬੇਨਕਾਬ ਕਰ ਦਿਤਾ ਹੈ। ਹਾਲ ਹੀ ਵਿਚ ਸੋਸ਼ਲ ਮੀਡੀਆ ’ਤੇ ਇਕ ਪੋਸਟ ਵਾਇਰਲ ਹੋਈ ਸੀ ਅਤੇ ਪਾਕਿਸਤਾਨ ਦੇ ਇਕ ਨਿਊਜ਼ ਚੈਨਲ ਦੀ ਇਕ ਰਿਪੋਰਟ ਵਿਚ ਖ਼ੁਲਾਸਾ ਹੋਇਆ ਸੀ ਕਿ ਭਾਰਤ ਦੀ ਇਸ ਕਾਰਵਾਈ ਵਿਚ ਘੱਟੋ-ਘੱਟ 155 ਪਾਕਿਸਤਾਨੀ ਸੈਨਿਕ ਮਾਰੇ ਗਏ ਸਨ। ਹਾਲਾਂਕਿ ਪਾਕਿਸਤਾਨ ਸਰਕਾਰ ਨੇ ਇਸ ਨੁਕਸਾਨ ਨੂੰ ਛੁਪਾਉਣ ਦੀ ਅਸਫ਼ਲ ਕੋਸ਼ਿਸ਼ ਕੀਤੀ ਪਰ ਬਹਾਦਰੀ ਪੁਰਸਕਾਰਾਂ ਦੀ ਇਕ ਸੂਚੀ ਨੇ ਪੂਰੀ ਸੱਚਾਈ ਸਾਹਮਣੇ ਲਿਆ ਕੇ ਰੱਖ ਦਿਤੀ। ਰਿਪੋਰਟ ਅਨੁਸਾਰ ਮਰਨ ਉਪਰੰਤ ਬਹਾਦਰੀ ਪੁਰਸਕਾਰ ਦਿਤੇ ਗਏ ਸੈਨਿਕਾਂ ਦੇ ਨਾਂ ਅੱਗੇ ‘ਸ਼ਹੀਦ’ ਲਿਖਿਆ ਗਿਆ ਹੈ। ਪਾਕਿਸਤਾਨ ਦੇ ਨਿਊਜ਼ ਚੈਨਲ ‘ਸਮਾ ਟੀਵੀ’ ਦੀ ਰਿਪੋਰਟ ਤੋਂ ਇਹ ਹੈਰਾਨ ਕਰਨ ਵਾਲਾ ਖ਼ੁਲਾਸਾ ਹੋਇਆ ਹੈ। ਇਹ ਰਿਪੋਰਟ ਕੁੱਝ ਸਮੇਂ ਲਈ ਵੈੱਬਸਾਈਟ ’ਤੇ ਲਾਈਵ ਰਹੀ ਅਤੇ ਫਿਰ ਇਸ ਨੂੰ ਤੁਰਤ ਡਿਲੀਟ ਕਰ ਦਿਤਾ ਗਿਆ ਪਰ ਉਦੋਂ ਤਕ ਬਹੁਤ ਸਾਰੇ ਲੋਕਾਂ ਨੇ ਇਸ ਦਾ ਸਕ੍ਰੀਨਸ਼ਾਟ ਲੈ ਕੇ ਇਸ ਨੂੰ ਸੇਵ ਕਰ ਲਿਆ ਸੀ। ਇਸ ਰਿਪੋਰਟ ਵਿਚ ‘ਆਪ੍ਰੇਸ਼ਨ ਬੁਨਯਾਨ ਉਲ ਮਰਸੂਸ’ ਨਾਂ ਦਾ ਜ਼ਿਕਰ ਕੀਤਾ ਗਿਆ ਸੀ, ਜਿਸ ਨੂੰ ‘ਆਪ੍ਰੇਸ਼ਨ ਸਿੰਦੂਰ’ ਦੇ ਜਵਾਬ ਵਿਚ ਪਾਕਿਸਤਾਨ ਵਲੋਂ ਇਕ ਫ਼ੌਜੀ ਯਤਨ ਦਸਿਆ ਜਾ ਰਿਹਾ ਹੈ। ਉਸੇ ਰਿਪੋਰਟ ਵਿਚ ਪਾਕਿਸਤਾਨ ਦੇ ਰਾਸ਼ਟਰਪਤੀ ਦੁਆਰਾ ਦਿਤੇ ਗਏ ਬਹਾਦਰੀ ਪੁਰਸਕਾਰਾਂ ਦੀ ਇਕ ਸੂਚੀ ਪ੍ਰਕਾਸ਼ਤ ਕੀਤੀ ਗਈ ਸੀ।