ਗਾਜ਼ਾ ਜੰਗ ਵਿਚ ਭੁੱਖਮਰੀ ਕਾਰਨ 124 ਮੌਤਾਂ, ਮ੍ਰਿਤਕਾਂ ਵਿਚ 81 ਬੱਚੇ


750 ਰੁਪਏ ਵਿਚ ਮਿਲ ਰਿਹਾ 50 ਗ੍ਰਾਮ ਬਿਸਕੁਟ ਦਾ ਪੈਕੇਟ, ਲੂਣ ਖਾ ਕੇ ਭੁੱਖ ਮਿਟਾ ਰਹੇ ਲੋਕ
ਕੁਪੋਸ਼ਣ ਕਾਰਨ ਲਗਾਤਾਰ ਵੱਧ ਰਹੀ ਮਰਨ ਵਾਲਿਆਂ ਦੀ ਗਿਣਤੀ

ਗਾਜ਼ਾ, 27 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਗਾਜ਼ਾ ਵਿਚ ਇਜ਼ਰਾਈਲ-ਹਮਾਸ ਯੁੱਧ ਸ਼ੁਰੂ ਹੋਏ ਨੂੰ 22 ਮਹੀਨੇ ਹੋ ਚੁਕੇ ਹਨ। ਹੁਣ ਤਕ ਇਸ ਯੁੱਧ ਕਾਰਨ 124 ਲੋਕਾਂ ਦੀ ਭੁੱਖਮਰੀ ਕਾਰਨ ਮੌਤ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 81 ਬੱਚੇ ਸ਼ਾਮਲ ਹਨ। ਜੁਲਾਈ ਮਹੀਨੇ ਵਿਚ ਹੀ 40 ਲੋਕਾਂ ਦੀ ਭੁੱਖਮਰੀ ਨਾਲ ਮੌਤ ਹੋ ਗਈ ਸੀ, ਜਿਨ੍ਹਾਂ ਵਿਚ 16 ਬੱਚੇ ਸਨ। ਗਾਜ਼ਾ ਵਿਚ ਰਿਪੋਰਟਿੰਗ ਕਰ ਰਹੇ ਪੱਤਰਕਾਰਾਂ ਨੇ ਦੱਸਿਆ ਕਿ 50 ਗ੍ਰਾਮ ਬਿਸਕੁਟ ਪੈਕੇਟ ਦੀ ਕੀਮਤ 750 ਰੁਪਏ ਹੈ। ਨਕਦੀ ਕਢਵਾਉਣ ਲਈ 45% ਤਕ ਕਮਿਸ਼ਨ ਦੇਣਾ ਪੈਂਦਾ ਹੈ। ਹਲਾਤ ਇੰਨੇ ਮਾੜੇ ਹਨ ਕਿ ਲੋਕ ਲੂਣ ਖਾ ਕੇ ਤੇ ਪਾਣੀ ਪੀ ਕੇ ਆਪਣਾ ਗੁਜ਼ਾਰਾ ਕਰ ਰਹੇ ਹਨ। ਇਕ ਪੱਤਰਕਾਰ ਨੇ ਦੱਸਿਆ ਕਿ 21 ਮਹੀਨਿਆਂ ਵਿਚ ਮੇਰਾ ਭਾਰ 30 ਕਿਲੋ ਘੱਟ ਗਿਆ ਹੈ। ਮੈਂ ਥੱਕਿਆ ਰਹਿੰਦਾ ਹਾਂ ਤੇ ਚੱਕਰ ਆਉਂਦੇ ਰਹਿੰਦੇ ਹਨ। ਗਾਜ਼ਾ ਦੀ ਇਕ ਔਰਤ ਹਿਦਾਯਾ ਦੇ 18 ਮਹੀਨਿਆਂ ਦੇ ਪੁੱਤਰ ਮੁਹੰਮਦ ਜ਼ਕਾਰੀਆ ਨੂੰ ਕੁਪੋਸ਼ਣ ਕਾਰਨ ਰੀੜ੍ਹ ਦੀ ਹੱਡੀ ਦੀ ਬਿਮਾਰੀ ਹੋ ਗਈ ਹੈ। 7 ਸਾਲਾ ਮੁਹੰਮਦ ਅਤੇ 10 ਸਾਲਾ ਜ਼ੀਨਾ ਭੁੱਖਮਰੀ ਦੇ ਸੰਕਟ ਦਾ ਸਾਹਮਣਾ ਕਰ ਰਹੇ ਹਨ, ਉਨ੍ਹਾਂ ਦਾ ਪਰਿਵਾਰ ਪਾਣੀ ਪੀ ਕੇ ਆਪਣੀ ਭੁੱਖ ਮਿਟਾ ਰਿਹਾ ਹੈ।


ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਗਾਜ਼ਾ ਵਿਚ ਇਕ ਤਿਹਾਈ ਆਬਾਦੀ ਨੂੰ ਕਈ ਦਿਨਾਂ ਤੋਂ ਭੋਜਨ ਨਹੀਂ ਮਿਲ ਰਿਹਾ ਹੈ ਜਦਕਿ ਇਸ ਇਕ ਤਿਹਾਈ ਅਬਾਦੀ ਨੂੰ ਕਈ ਦਿਨਾਂ ਵਿਚ ਇਕ ਵਾਰ ਹੀ ਭੋਜਨ ਮਿਲ ਰਿਹਾ ਹੈ। ਵੱਖ-ਵੱਖ ਮਾਨਵਤਾਵਾਦੀ ਸੰਗਠਨਾਂ ਦੇ ਅਨੁਸਾਰ ਗਾਜ਼ਾ ਦੀ 20 ਲੱਖ ਤੋਂ ਵੱਧ ਆਬਾਦੀ ਪੂਰੀ ਤਰ੍ਹਾਂ ਬਾਹਰੀ ਮਦਦ ‘ਤੇ ਨਿਰਭਰ ਹੈ। ਯੁੱਧ ਕਾਰਨ ਗਾਜ਼ਾ ਵਿਚ ਭੁੱਖਮਰੀ ਦਾ ਅਧਿਕਾਰਤ ਤੌਰ ‘ਤੇ ਐਲਾਨ ਨਹੀਂ ਕੀਤਾ ਗਿਆ ਹੈ ਕਿਉਂਕਿ ਸਹੀ ਅੰਕੜੇ ਉਪਲਬਧ ਨਹੀਂ ਹਨ। ਦੱਖਣੀ ਗਾਜ਼ਾ ਦੇ ਸਭ ਤੋਂ ਵੱਡੇ ਨਾਸਿਰ ਹਸਪਤਾਲ ਵਿਚ ਕੰਮ ਕਰਨ ਵਾਲੇ ਇਕ ਸਿਹਤ ਅਧਿਕਾਰੀ ਦਾ ਕਹਿਣਾ ਹੈ ਕਿ ਗਾਜ਼ਾ ਵਿਚ ਹਰ ਕੋਈ ਭੁੱਖਮਰੀ ਦੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਕੁਪੋਸ਼ਣ ਨਾਲ ਮਰਨ ਵਾਲੇ ਬੱਚਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਉਹ ਕਹਿੰਦੇ ਹਨ ਕਿ ਜਦੋਂ ਗਾਜ਼ਾ ਵਿਚ ਯੁੱਧ ਸ਼ੁਰੂ ਹੋਇਆ ਸੀ ਤਾਂ ਹਸਪਤਾਲ ਵਿਚ ਹਵਾਈ ਹਮਲਿਆਂ ਵਿਚ ਜ਼ਖਮੀ ਹੋਏ ਲੋਕਾਂ ਦੀ ਗਿਣਤੀ ਸਭ ਤੋਂ ਵੱਧ ਹੁੰਦੀ ਸੀ ਪਰ ਹੁਣ ਉਨ੍ਹਾਂ ਦੀ ਜਗ੍ਹਾ ਕੁਪੋਸ਼ਣ ਤੋਂ ਪੀੜਤ ਬੱਚਿਆਂ ਨੇ ਲੈ ਲਈ ਹੈ।
ਦੂਜੇ ਪਾਸੇ ਇਜ਼ਰਾਈਲੀ ਫ਼ੌਜ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੇ ਹਵਾਈ ਰਸਤੇ ਰਾਹੀਂ ਗਾਜ਼ਾ ਨੂੰ ਸਹਾਇਤਾ ਭੇਜਣੀ ਸ਼ੁਰੂ ਕਰ ਦਿਤੀ ਹੈ। ਇਸ ਤੋਂ ਪਹਿਲਾਂ ਇਕ ਇਜ਼ਰਾਈਲੀ ਸੁਰੱਖਿਆ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਇਜ਼ਰਾਈਲ ਗਾਜ਼ਾ ਵਿਚ ਭੁੱਖਮਰੀ ਦੇ ਸੰਕਟ ਨੂੰ ਲੈ ਕੇ ਵਧਦੀ ਅੰਤਰਰਾਸ਼ਟਰੀ ਆਲੋਚਨਾ ਦੇ ਵਿਚਕਾਰ ਵਿਦੇਸ਼ੀ ਦੇਸ਼ਾਂ ਨੂੰ ਹਵਾਈ ਰਸਤੇ ਰਾਹੀਂ ਗਾਜ਼ਾ ਨੂੰ ਸਹਾਇਤਾ ਭੇਜਣ ਦੀ ਆਗਿਆ ਦੇਵੇਗਾ। ਅਮਰੀਕਾ ਵਿਚ ਇਜ਼ਰਾਈਲ ਦੇ ਰਾਜਦੂਤ ਯੇਚਲ ਲੇਈਟਰ ਨੇ ਸ਼ਨੀਵਾਰ ਨੂੰ ਕਿਹਾ ਕਿ ਇਜ਼ਰਾਈਲੀ ਫ਼ੌਜ ਐਤਵਾਰ ਤੋਂ ਗਾਜ਼ਾ ਲਈ ਇਕ ‘ਮਾਨਵਤਾਵਾਦੀ ਗਲਿਆਰਾ’ ਖੋਲ੍ਹੇਗੀ। ਉਨ੍ਹਾਂ ਦਾ ਉਦੇਸ਼ ਗਾਜ਼ਾ ਦੀ ਆਬਾਦੀ ਲਈ ਮਨੁੱਖੀ ਸਹਾਇਤਾ ਵਧਾਉਣਾ ਹੈ। ਗਾਜ਼ਾ ਦੇ ਸਰਕਾਰੀ ਮੀਡੀਆ ਦਫ਼ਤਰ ਨੇ ਪਿਛਲੇ ਮਹੀਨੇ ਇਜ਼ਰਾਈਲੀ ਫ਼ੌਜ ‘ਤੇ ਫ਼ਲਸਤੀਨੀਆਂ ਨੂੰ ਨਸ਼ੀਲੇ ਪਦਾਰਥ ਦੇਣ ਦਾ ਦੋਸ਼ ਲਗਾਇਆ ਸੀ। ਦਫ਼ਤਰ ਮੁਤਾਬਕ ਗਾਜ਼ਾ ਹਿਊਮੈਨਟੇਰੀਅਨ ਫ਼ਾਊਂਡੇਸ਼ਨ ਦੁਆਰਾ ਫ਼ਲਸਤੀਨੀਆਂ ਨੂੰ ਦਿਤੀਆਂ ਗਈਆਂ ਆਟੇ ਦੀਆਂ ਬੋਰੀਆਂ ਵਿਚ ਆਕਸੀਕੋਡੋਨ ਨਾਮਕ ਨਸ਼ੀਲੇ ਪਦਾਰਥਾਂ ਦੀਆਂ ਗੋਲੀਆਂ ਮਿਲੀਆਂ ਸਨ। ਫ਼ਾਊਂਡੇਸ਼ਨ ਇਜ਼ਰਾਈਲੀ ਫੌਜ ਦੁਆਰਾ ਚਲਾਇਆ ਜਾਂਦਾ ਹੈ ਅਤੇ ਅਮਰੀਕਾ ਦੁਆਰਾ ਸਮਰਥਤ ਹੈ। ਦਫ਼ਤਰ ਨੇ ਕਿਹਾ ਸੀ ਕਿ ਇਹ ਲੋਕਾਂ ਨੂੰ ਨਸ਼ਿਆਂ ਦਾ ਆਦੀ ਬਣਾਉਣ ਦੀ ਸਾਜ਼ਿਸ਼ ਹੈ। ਇਜ਼ਰਾਈਲ ਨਸ਼ਿਆਂ ਨੂੰ ਹਥਿਆਰ ਵਜੋਂ ਵਰਤ ਰਿਹਾ ਹੈ। ਗਾਜ਼ਾ ਵਿਚ ਭੁੱਖਮਰੀ ਦੇ ਮੱਦੇਨਜ਼ਰ ਬ੍ਰਿਟੇਨ, ਫਰਾਂਸ ਅਤੇ ਜਰਮਨੀ ਨੇ ਇਕ ਸਾਂਝਾ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਕਿਹਾ- ‘ਬੰਧਕਾਂ ਦੀ ਰਿਹਾਈ ਤੋਂ ਪਹਿਲਾਂ ਤੁਰੰਤ ਜੰਗਬੰਦੀ ਹੋਣੀ ਚਾਹੀਦੀ ਹੈ। ਗਾਜ਼ਾ ਦੇ ਨਾਗਰਿਕਾਂ ਨੂੰ ਬਿਨਾਂ ਕਿਸੇ ਦੇਰੀ ਦੇ ਭੋਜਨ ਅਤੇ ਪਾਣੀ ਉਪਲਬਧ ਕਰਵਾਇਆ ਜਾਣਾ ਚਾਹੀਦਾ ਹੈ। ਇਜ਼ਰਾਈਲ ਨੂੰ ਅੰਤਰਰਾਸ਼ਟਰੀ ਮਾਨਵਤਾਵਾਦੀ ਸਹਾਇਤਾ ਕਾਨੂੰਨ ਦੇ ਤਹਿਤ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨਾ ਚਾਹੀਦਾ ਹੈ।’

ਇਸ ਦੇ ਨਾਲ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਹਮਾਸ ਸ਼ਾਂਤੀ ਨਹੀਂ ਚਾਹੁੰਦਾ ਬਲਕਿ ਮਰਨਾ ਚਾਹੁੰਦਾ ਹੈ। ਟਰੰਪ ਨੇ ਇਜ਼ਰਾਈਲ ਨੂੰ ਉਦੇਸ਼ ਨੂੰ ਪੂਰਾ ਕਰਨ ਅਤੇ ਗਾਜ਼ਾ ਵਿਚ ਫ਼ੌਜੀ ਕਾਰਵਾਈਆਂ ਨੂੰ ਤੇਜ਼ ਕਰਨ ਲਈ ਕਿਹਾ ਹੈ। ਟਰੰਪ ਨੇ ਕਿਹਾ, ‘ਹੁਣ ਸਮਾਂ ਆ ਗਿਆ ਹੈ ਕਿ ਇਜ਼ਰਾਈਲ ਹਮਾਸ ਨੂੰ ਮਿਟਾਏ। ਉਨ੍ਹਾਂ ਨੂੰ ਇਸਨੂੰ ਸਾਫ਼ ਕਰਨਾ ਹੋਵੇਗਾ।’ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਅਮਰੀਕਾ ਵਿਚੋਲਗੀ ਤੋਂ ਪਿੱਛੇ ਹਟ ਗਿਆ ਹੈ।
