ਸੜਕਾਂ ਵਿੱਚ ਟੋਏ ਜਾਂ ਟੋਇਆਂ ਵਿੱਚ ਸੜਕਾਂ?(ਇਹ ਪੰਜਾਬ ਹੈ – ਇੱਥੇ ਗੱਡੀ ਨਹੀਂ, ਹੌਂਸਲਾ ਚਲਾਉਂਦੇ ਆਂ!)


ਜਦੋਂ ਕਿਸੇ ਪਿੰਡ ਜਾਂ ਸ਼ਹਿਰ ਵਿੱਚ ਜਾ ਰਹੇ ਹੋਵੋ ਤੇ ਸੜਕ ਦੀ ਥਾਂ ਟੋਏ ਮਿਲਣ – ਤਾਂ ਇਹ ਪੰਜਾਬ ਦੀ ਹਕੀਕਤ ਬਿਆਨ ਕਰਦਾ ਹੈ। ਸਾਡੀਆਂ ਪੇਂਡੂ ਸੜਕਾਂ ਇੰਨੀ ਮਾੜੀ ਹਾਲਤ ਵਿੱਚ ਹਨ ਕਿ ਕਈ ਵਾਰ ਲੱਗਦਾ ਹੈ ਸੜਕ ਵਿਚ ਟੋਏ ਨਹੀਂ, ਸਗੋਂ ਟੋਇਆਂ ਵਿੱਚ ਕੁਝ ਹਿੱਸਾ ਸੜਕ ਦਾ ਆ ਜਾਂਦਾ ਹੈ।
ਇਹ ਕੋਈ ਨਵੀਂ ਗੱਲ ਨਹੀਂ – ਸਾਲਾਂ ਤੋਂ ਇਨ੍ਹਾਂ ਸੜਕਾਂ ਦੀ ਮੁਰੰਮਤ ਨਹੀਂ ਹੋਈ। ਮੋਹਾਲੀ ਜ਼ਿਲ੍ਹੇ ਦੀਆਂ 37 ਲਿੰਕ ਸੜਕਾਂ ਅਤੇ ਕਈ ਪਿੰਡਾਂ ਦੀਆਂ ਫਿਰਨੀਆਂ (ਅੰਦਰੂਨੀ ਗਲੀਆਂ) ਦੀ ਹਾਲਤ ਇੰਨੀ ਖਰਾਬ ਹੈ ਕਿ ਲੋਕਾਂ ਨੇ ਅਖੀਰਕਾਰ ਅਦਾਲਤ ਦਾ ਦਰਵਾਜਾ ਖਟਖਟਾਇਆ।
ਇਹ ਕੇਸ ਹਰਮਿੰਦਰ ਸਿੰਘ ਮਾਵੀ ਤੇ ਹੋਰਾਂ ਵੱਲੋਂ ਪੰਜਾਬ ਸਰਕਾਰ, ਪੀ.ਡਬਲਿਊ.ਡੀ. ਵਿਭਾਗ, ਮੰਡੀ ਬੋਰਡ ਆਦਿ ਦੇ ਖਿਲਾਫ ਦਰਜ ਕੀਤਾ ਗਿਆ। ਅਦਾਲਤ ਨੇ ਨੋਟਿਸ ਜਾਰੀ ਕਰਕੇ 10 ਜੁਲਾਈ ਤੱਕ ਹਾਜ਼ਰ ਹੋਣ ਦੇ ਹੁਕਮ ਦਿੱਤੇ ਹਨ।
ਸਵਾਲ ਇਹ ਨਹੀਂ ਕਿ ਟੋਏ ਕਿੰਨੇ ਨੇ, ਸਵਾਲ ਇਹ ਹੈ ਕਿ ਆਮ ਲੋਕ – ਜੋ ਸਿਰਫ਼ ਪਿੰਡਾਂ ਵਿਚ ਵੱਸਦੇ ਹਨ – ਉਹਨਾ ਨੂੰ ਸਹੂਲਤਾਂ ਤੋਂ ਵਾਂਝਾ ਕਿਉਂ ਰੱਖਿਆ ਜਾਂਦਾ? ਕੀ ਮੌਲਿਕ ਹੱਕ ਸਿਰਫ਼ ਸ਼ਹਿਰੀ ਇਲਾਕਿਆਂ ਲਈ ਨੇ?
ਅਸੀਂ ਪੰਜਾਬੀ ਹਾਂ, ਹੌਂਸਲਾ ਸਾਡੀ ਰਗ-ਰਗ ਵਿਚ ਵੱਸਦਾ ਹੈ, ਪਰ ਕੀ ਹਰ ਦਿਨ ਆਪਣੀ ਜ਼ਿੰਦਗੀ ਨੂੰ ਜੋਖਮ ਵਿੱਚ ਪਾ ਕੇ ਸੜਕਾਂ ’ਤੇ ਤੁਰਣਾ ਸਹੀ ਹੈ? ਮੀਂਹ ਪੈਣ ਤੇ ਇਹ ਸੜਕਾਂ ਪਾਣੀ ਨਾਲ ਭਰ ਜਾਂਦੀਆਂ ਨੇ, ਟੋਏ ਸਲਿੱਪਰੀ ਹੋ ਜਾਂਦੇ ਨੇ, ਤੇ ਫਿਰ ਜਾਂਦੀ ਹੈ ਕਿਸੇ ਦੀ ਜਾਨ ਜਾਂ ਹੱਡੀ।
ਸਰਕਾਰ, ਅਧਿਕਾਰੀ ਅਤੇ ਸੰਬੰਧਤ ਵਿਭਾਗ ਆਪਣਾ ਫਰਜ਼ ਨਿਭਾਉਣ ਵਿੱਚ ਨਾਕਾਮ ਰਹੇ ਹਨ। ਪਰ ਹੁਣ ਲੋਕ ਜਾਗ ਚੁੱਕੇ ਹਨ। ਹੁਣ ਸਵਾਲ ਪੁੱਛੇ ਜਾਣਗੇ। ਹੁਣ ਹੱਲ ਚਾਹੀਦਾ ਹੈ।