ਨਿਊਜ਼ੀਲੈਂਡ ਪੁਲਿਸ ‘ਚ ਭਰਤੀ ਹੋਈ ਰਮਨਦੀਪ ਕੌਰ, ਪਿੰਡ ਪੰਡੋਰੀ ਖਾਸ ਵਾਲੇ ਕਰਨਗੇ ਮਾਣ


ਔਕਲੈਂਡ 3 ਜੂਨ 2025(ਨਿਊਜ਼ ਟਾਊਨ ਨੈਟਵਰਕ) : – ਹਰੇਕ ਵਿਅਕਤੀ ਦਾ ਜ਼ਿੰਦਗੀ ਦੇ ਵਿਚ ਜਿੱਥੇ ਆਪਣਾ ਸੁਪਨਾ ਪੂਰਾ ਕਰਨ ਦਾ ਜ਼ਜਬਾ ਹੁੰਦਾ ਹੈ, ਉਥੇ ਮਾਤਾ-ਪਿਤਾ ਦੇ ਤੁਹਾਡੇ ਪ੍ਰਤੀ ਸੰਜੋਏ ਸੁਪਨੇ ਵੀ ਜੇਕਰ ਤੁਸੀਂ ਪੂਰੇ ਕਰ ਜਾਓ ਤਾਂ ਦੁੱਗਣੀ ਖੁਸ਼ੀ ਹਾਸਿਲ ਕਰਨ ਦੇ ਬਰਾਬਰ ਹੁੰਦਾ ਹੈ। ਅਜਿਹਾ ਹੀ ਕੀਤਾ ਹੈ ਪਿੰਡ ਪੰਡੋਰੀ ਖਾਸ (ਨਕੋਦਰ) ਤੋਂ 2014 ਦੇ ਵਿਚ ਇਥੇ ਆਈ ਰਮਨਦੀਪ ਕੌਰ ਨੇ। ਸਿਟੀ ਗਰੁੱਪ ਆਫ ਇੰਸਟੀਚਿਊਟ ਜਲੰਧਰ ਤੋਂ ਬਾਇਓ ਟੈਕਨਾਲੋਜੀ ਦੀ ਡਿਗਰੀ ਪੂਰੀ ਕਰਕੇ ਉਹ ਇਕ ਵਿਦਿਆਰਥਣ ਵਜੋਂ ਇਥੇ ‘ਬਿਜ਼ਨਸ ਇਨ ਹੈਲਥ ਕੇਅਰ’ ਦੀ ਪੜ੍ਹਾਈ ਕਰਨ ਪਹੁੰਚੀ। ਪੜ੍ਹਾਈ ਪੂਰੀ ਕਰਨ ਬਾਅਦ ਉਸਨੇ ਆਪਣੇ ਹੈਲਥ ਕੇਅਰ ਖੇਤਰ ਦੇ ਵਿਚ ਨੌਕਰੀ ਕੀਤੀ। ਸਮਾਂ ਲੰਘਿਆ ਫਿਰ ਉਹ ਜ਼ੇਲ੍ਹ ਵਿਭਾਗ ਦੇ ਵਿਚ 2017 ’ਚ ‘ਕੁਰੈਕਸ਼ਨ ਆਫੀਸਰ’(ਸੁਧਾਰ ਅਧਿਕਾਰੀ) ਵਜੋਂ ਨੌਕਰੀ ਕਰਨ ਲੱਗੀ ਅਤੇ ਆਪਣੀ ਮਿਹਨਤ ਨਾਲ ਸੀਨੀਅਰ ਕੁਰੈਕਸ਼ਨ ਅਫਸਰ ਦੇ ਅਹੁਦੇ ਤੱਕ ਪਹੁੰਚ ਗਈ। ਇਸ ਨੌਕਰੀ ਦੌਰਾਨ ਉਸਨੇ ਜਦੋਂ ਅਪਰਾਧੀਆਂ ਦੇ ਅਪਰਾਧ ਦੇ ਕਾਰਨਾਂ ਬਾਰੇ ਸਮਝਿਆ ਅਤੇ ਉਨ੍ਹਾਂ ਦੀ ਮਾਨਸਿਕਤਾ ਵੇਖੀ। ਆਤਮ ਚਿੰਤਨ ਕਰਦਿਆਂ ਉਸਨੇ ਸੋਚਿਆ ਕਿ ਬੇਸ਼ਰਤੇ ਕਿ ਉਹ ਅਪਰਾਧੀਆਂ ਦੇ ਲਈ ਜ਼ੇਲ੍ਹ ਦੇ ਵਿਚ ਸੁਧਾਰ ਦਾ ਕੰਮ ਕਰੇ, ਕਿਉਂਨਾ ਪੁਲਿਸ ਦੇ ਵਿਚ ਭਰਤੀ ਹੋ ਕਿ ਕਮਿਊਨਿਟੀ ਦੇ ਵਿਚ ਹਹਿ ਕੇ ਅਪਰਾਧੀ ਬਿਰਤੀ ਨੂੰ ਘੱਟ ਕੀਤਾ ਜਾਵੇ ਅਤੇ ਅਜਿਹੇ ਲੋਕਾਂ ਨੂੰ ਚੰਗੇ ਸ਼ਹਿਰੀ ਬਣਾਇਆ ਜਾਵੇ। ਸੋ ਇਹ ਜ਼ਜਬਾ ਇਸ ਕੁੜੀ ਨੂੰ ਪੁਲਿਸ ਭਰਤੀ ਤੱਕ ਲੈ ਗਿਆ। 2023 ਦੇ ਵਿਚ ਜ਼ੇਲ੍ਹ ਵਿਭਾਗ ਦੀ ਨੌਕਰੀ ਛੱਡਣ ਬਾਅਦ ਉਹ ਪੁਲਿਸ ਵਿਚ ਭਰਤੀ ਹੋਣ ਦੀ ਤਿਆਰੀ ਕਰਨ ਲੱਗੀ। ਸ਼ਰਤਾਂ ਪੂਰੀਆਂ ਕਰਨ ਉਪਰੰਤ 7 ਮਹੀਨੇ ਦੀ ਵਲਿੰਗਟਨ ਵਿਖੇ ਪੁਲਿਸ ਟ੍ਰੇਨਿੰਗ ਕਾਲਜ ਤੋਂ ਸਿਖਿਆ ਲੈ ਕੇ ਉਸਨੇ ਬੀਤੀ 22 ਮਈ ਨੂੰ ਪਾਸਿੰਗ ਪ੍ਰੇਡ ਪੂਰੀ ਕੀਤੀ ਅਤੇ ਆਖਿਰ ਨਿਊਜ਼ੀਲੈਂਡ ਦੀ ਪੁਲਿਸ ਅਫਸਰ ਬਣ ਗਈ। ਹੁਣ ਉਨ੍ਹਾਂ ਦੀ ਨੌਕਰੀ ਅੱਜ ਓਰਮਿਸਟਨ ਪੁਲਿਸ ਸਟੇਸ਼ਨ ਵਿਖੇ ਸ਼ੁਰੂ ਹੋ ਗਈ ਹੈ ਅਤੇ ਨੀਲੀ ਵਰਦੀ ਧਾਰ ਇਹ ਪੁਲਿਸ ਅਫਸਰ ਤੁਹਾਨੂੰ ਵੇਖਣ ਨੂੰ ਮਿਲੇਗੀ।