ਕੁੰਭੜਾ ਚੌਂਕ ’ਚ ਖਤਰਨਾਕ ਬਿਜਲੀ ਖੰਭੇ ਦੀ ਅਣਦੇਖੀ—26 ਮਈ ਨੂੰ ਪਿੰਡਵਾਸੀਆਂ ਵੱਲੋਂ ਚੌਂਕ ਜਾਮ ਕਰਨ ਦੀ ਚੇਤਾਵਨੀ


ਮੋਹਾਲੀ, 22 ਮਈ (ਪਾਵਨ ਰਾਵਤ):
ਪਿੰਡ ਕੁੰਭੜਾ ਦੇ ਗਰੇਸ਼ੀਅਨ ਹਸਪਤਾਲ ਚੌਂਕ ’ਚ ਡਿੱਗਣ ਦੀ ਕਗਾਰ ’ਤੇ ਖੜੇ ਬਿਜਲੀ ਦੇ ਖੰਭੇ ਨੂੰ ਲੈ ਕੇ ਪਿੰਡ ਵਾਸੀਆਂ ਵਿੱਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ। ਬਿਜਲੀ ਬੋਰਡ ਨੂੰ ਇਕ ਹਫ਼ਤਾ ਪਹਿਲਾਂ ਵੀ ਇਹ ਖੰਭਾ ਤੁਰੰਤ ਬਦਲਣ ਲਈ ਅਪੀਲ ਕੀਤੀ ਗਈ ਸੀ, ਪਰ ਕਿਸੇ ਵੀ ਅਧਿਕਾਰੀ ਵੱਲੋਂ ਇਸ ‘ਤੇ ਕੋਈ ਕਾਰਵਾਈ ਨਹੀਂ ਕੀਤੀ ਗਈ।
ਪਿੰਡ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਦੱਸਿਆ ਕਿ ਬਿਜਲੀ ਵਿਭਾਗ ਦੇ ਐਸ.ਡੀ.ਓ ਅਤੇ ਜੇ.ਈ ਸਿਰਫ ਮਾੜੀ ਘਟਨਾ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਦੋ ਦਿਨਾਂ ਵਿੱਚ ਖੰਭਾ ਨਾ ਬਦਲਿਆ ਗਿਆ ਤਾਂ ਪਿੰਡ ਵਾਸੀ 26 ਮਈ ਨੂੰ ਚੌਂਕ ਜਾਮ ਕਰਨਗੇ ਅਤੇ ਬਿਜਲੀ ਬੋਰਡ, ਨਗਰ ਨਿਗਮ ਮੋਹਾਲੀ ਅਤੇ ਪੰਜਾਬ ਸਰਕਾਰ ਦੇ ਵਿਰੁੱਧ ਰੋਸ ਪ੍ਰਗਟ ਕਰਦੇ ਹੋਏ ਪੁਤਲੇ ਫੂਕਣਗੇ।
ਇਸ ਮੌਕੇ ਉਨ੍ਹਾਂ ਸਾਵਧਾਨ ਕੀਤਾ ਕਿ ਜੇਕਰ ਕੋਈ ਹਾਦਸਾ ਵਾਪਰਿਆ ਤਾਂ ਉਸ ਦੀ ਜ਼ਿੰਮੇਵਾਰੀ ਸਿੱਧੀ ਤੌਰ ’ਤੇ ਬਿਜਲੀ ਵਿਭਾਗ ਅਤੇ ਨਗਰ ਨਿਗਮ ’ਤੇ ਹੋਵੇਗੀ।
ਇਸ ਰੋਸ ਪ੍ਰਦਰਸ਼ਨ ਵਿੱਚ ਪ੍ਰਿੰਸੀਪਲ ਸਰਬਜੀਤ ਸਿੰਘ, ਮਾਸਟਰ ਬਨਵਾਰੀ ਲਾਲ, ਹਰਨੇਕ ਸਿੰਘ ਮਲੋਆ, ਕਰਮ ਸਿੰਘ ਕੁਰੜੀ, ਕ੍ਰਿਸ਼ਨਾ ਹਾਰਡਵੇਅਰ, ਹਰਦੇਵ ਜਵੈੱਲਰਸ, ਅੰਮ੍ਰਿਤ ਹਾਰਡਵੇਅਰ, ਗੁਰਧਿਆਨ ਸਿੰਘ, ਜੈਨ ਇਲੈਕਟ੍ਰੀਕਲ, ਗੁਰਜੀਤ ਸਿੰਘ, ਬਲਜਿੰਦਰ ਸਿੰਘ, ਮੋਹਨ ਸਿੰਘ, ਮਨਦੀਪ ਸਿੰਘ, ਗੁਰਿੰਦਰ ਸਿੰਘ, ਕ੍ਰਿਸ਼ਨ ਕੁਮਾਰ, ਰਾਣਾ ਆਦਿ ਹਾਜ਼ਰ ਰਹੇ।