ਕਿਸਾਨਾਂ ਨੇ ਮੁੱਖ ਮੰਤਰੀ ਦੀ ਬਹਿਸ ਬਾਰੇ ਚੁਣੌਤੀ ਕਬੂਲ ਕੀਤੀ

ਕਿਹਾ, ਜਿਥੇ ਕਹੋਗੇ, ਬਹਿਸ ਲਈ ਪੁੱਜ ਜਾਵਾਂਗੇ

ਜਗਰਾਉਂ, 3 ਜੂਨ (ਨਿਊਜ਼ ਟਾਊਨ ਨੈਟਵਰਕ) : ਜਗਰਾਉਂ ਦੀ ਨਵੀਂ ਅਨਾਜ ਮੰਡੀ ਵਿਖੇ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਸੱਦੇ ਤੇ ਜ਼ਬਰ ਵਿਰੋਧੀ ਧਰਨਾ ਦਿਤਾ ਗਿਆ ਅਤੇ ਬਾਅਦ ਵਿਚ ਸ਼ਹਿਰ ਵਿੱਚ ਮੁਜ਼ਾਹਰਾ ਵੀ ਕੀਤਾ ਗਿਆ। ਇਥੇ ਇਕੱਠੇ ਹੋਏ ਕਿਸਾਨ ਆਗੂਆਂ ਨੇ ਮੁੱਖ ਮੰਤਰੀ ਦੀ ਬਹਿਸ ਬਾਰੇ ਦਿਤੀ ਚੁਣੌਤੀ ਕਬੂਲ ਕਰ ਲਈ ਹੈ। ਕਿਸਾਨ ਆਗੂਆਂ ਖਾਸ ਤੌਰ ਤੇ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਜਿਥੇ ਕਹੇ, ਅਸੀਂ ਬਹਿਸ ਲਈ ਉਥੇ ਪੁੱਜ ਜਾਵਾਂਗੇ। ਇਸ ਪ੍ਰੋਗਰਾਮ ਵਿਚ ਪੰਜਾਬ ਦੇ ਕੋਨੇ-ਕੋਨੇ ਤੋਂ ਹਜ਼ਾਰਾਂ ਕਿਸਾਨ ਮਜ਼ਦੂਰ ਅਤੇ ਔਰਤਾਂ ਪੂਰੇ ਜੋਸ਼ ਨਾਲ ਸ਼ਾਮਿਲ ਹੋਈਆਂ। ਪ੍ਰੋਗਰਾਮ ਦੇ ਅਖ਼ੀਰ ਤੇ ਸ਼ਹਿਰ ਵਿਚ ਰੋਹ ਭਰਪੂਰ ਮੁਜ਼ਾਹਰਾ ਕਰਕੇ ਕੁਲਪ੍ਰੀਤ ਸਿੰਘ ਏਡੀਸੀ ਨੂੰ ਮੰਗ-ਪੱਤਰ ਦਿਤਾ ਗਿਆ। ਹਜ਼ਾਰਾਂ ਦੇ ਇਕੱਠ ਵਿਚ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਤੋਂ ਇਲਾਵਾ ਕੈਂਸਰ ਫੈਲਾਉਣ ਵਾਲੀਆਂ ਗੈਸ ਫੈਕਟਰੀਆਂ ਵਿਰੋਧੀ ਤਾਲਮੇਲ ਕਮੇਟੀ ਦੇ ਆਗੂ ਅਤੇ ਲੋਕ ਵੀ ਸ਼ਾਮਿਲ ਹੋਏ। ਸੰਯੁਕਤ ਕਿਸਾਨ ਮੋਰਚਾ ਅਤੇ ਭਰਾਤਰੀ ਜਥੇਬੰਦੀਆਂ ਦੇ ਵੱਖ-ਵੱਖ ਆਗੂਆਂ ਜੋਗਿੰਦਰ ਸਿੰਘ ਉਗਰਾਹਾਂ, ਗੁਰਦੀਪ ਸਿੰਘ ਰਾਮਪੁਰਾ, ਰੁਲਦੂ ਸਿੰਘ ਮਾਨਸਾ, ਅਵਤਾਰ ਸਿੰਘ ਮੇਹਲੋਂ, ਸੂਰਤ ਸਿੰਘ ਧਰਮਕੋਟ, ਰਘਬੀਰ ਸਿੰਘ ਬੈਨੀਪਾਲ, ਬਲਰਾਜ ਸਿੰਘ ਕੋਟਉਮਰਾ , ਜਤਿੰਦਰ ਸਿੰਘ ਛੀਨਾ, ਸੁਖਦੇਵ ਸਿੰਘ ਭੂੰਦੜੀ, ਕੰਵਲਜੀਤ ਖੰਨਾ, ਮਨਜੀਤ ਸਿੰਘ ਧਨੇਰ, ਮਹਾਂਵੀਰ ਸਿੰਘ ਗਿੱਲ, ਚਰਨ ਸਿੰਘ ਨੂਰਪੁਰਾ, ਬੂਟਾ ਸਿੰਘ ਚਕਰ ਅਤੇ ਛਿੰਦਰਪਾਲ ਕੌਰ ਨੇ ਕਿਹਾ ਕਿ ਪਿਛਲੇ ਕੁੱਝ ਮਹੀਨਿਆਂ ਤੋਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਸਾਰੇ ਪਾਸੇ ਲੋਕਾਂ ਤੇ ਜ਼ਬਰ ਕਰਨ ਦਾ ਰਾਹ ਫੜਿਆ ਹੋਇਆ ਹੈ। 5 ਮਾਰਚ ਨੂੰ ਚੰਡੀਗੜ੍ਹ ਜਾਣ ਵਾਲੇ ਕਿਸਾਨਾਂ ਤੇ ਜਬਰ, 19 ਮਾਰਚ ਨੂੰ ਸ਼ੰਭੂ ਅਤੇ ਖਨੌਰੀ ਬਾਰਡਰਾਂ ਤੇ ਜਬਰ ਕਰਨਾ, ਚਾਉਕੇ ਸਕੂਲ ਦੇ ਅਧਿਆਪਕਾਂ ਤੇ ਜ਼ੁਲਮ, ਕੁੱਲਰੀਆਂ, ਬਠੋਈ ਕਲਾਂ, ਜਿਉਂਦ, ਸੀਡ ਫਾਰਮ ਅਬੋਹਰ ਅਤੇ ਹੋਰ ਥਾਵਾਂ ਤੇ ਲੋਕਾਂ ਦੀਆਂ ਜ਼ਮੀਨਾਂ ਜਬਰੀ ਖੋਹਣੀਆਂ, ਭਾਰਤ ਮਾਲਾ ਪ੍ਰੋਜੈਕਟ ਲਈ ਜ਼ਮੀਨਾਂ ਜਬਰੀ ਖੋਹਣ ਸਮੇਂ ਲੋਕਾਂ ਤੇ ਜ਼ੁਲਮ ਕਰਨਾ, ਬੀੜ ਐਸ਼ਬਾਨ ਅਤੇ ਚੰਦਭਾਨ ਵਿਖੇ ਮਜ਼ਦੂਰਾਂ ਤੇ ਜ਼ੁਲਮ ਕਰਨਾ ਅਤੇ ਨਸ਼ਿਆਂ ਵਿਰੁੱਧ ਯੁੱਧ ਦੀ ਆੜ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਦਾ ਦੌਰ ਚਲਾਉਣਾ ਇਸ ਜਬਰ ਦੀਆਂ ਉਦਾਹਰਨਾਂ ਹਨ। ਪੁਲਿਸ ਨੂੰ ਦਿਤੀ ਖੁੱਲ੍ਹੀ ਛੁੱਟੀ ਦਾ ਨਤੀਜਾ ਹੈ ਕਿ ਬਠਿੰਡਾ ਸੀਆਈਏ ਸਟਾਫ਼ ਨੇ ਨੌਜਵਾਨ ਨਰਿੰਦਰ ਦੀਪ ਸਿੰਘ ਦਾ ਕਤਲ ਕਰ ਦਿਤਾ ਹੈ। ਪਟਿਆਲਾ ਵਿਖੇ ਕਰਨਲ ਬਾਠ ਅਤੇ ਉਸ ਦੇ ਬੇਟੇ ਦੀ ਕੁੱਟਮਾਰ ਵੀ ਕਿਸੇ ਤੋਂ ਭੁੱਲੀ ਨਹੀਂ ਹੈ। ਬੁਲਾਰਿਆਂ ਨੇ ਕਿਹਾ ਕਿ ਇਹ ਸਭ ਕੁੱਝ ਇਕ ਸੋਚੀ ਸਮਝੀ ਸਕੀਮ ਅਧੀਨ ਹੋ ਰਿਹਾ ਹੈ। ਅਮਰੀਕਾ ਨਾਲ ਮੁਕਤ ਵਪਾਰ ਸਮਝੌਤਾ ਕਰਨ ਲਈ ਰਾਹ ਪੱਧਰਾ ਕਰ ਕੇ ਕਾਰਪੋਰੇਟਾਂ ਦੇ ਮੁਨਾਫ਼ਿਆਂ ਦੀ ਗਰੰਟੀ ਕਰਨਾ ਇਸ ਜਬਰ ਦਾ ਮਕਸਦ ਹੈ। ਮੁੱਖ ਮੰਤਰੀ ਦੀ ਕਿਸਾਨ ਜਥੇਬੰਦੀਆਂ ਖ਼ਿਲਾਫ਼ ਬਿਨਾਂ ਸਿਰ ਪੈਰ ਇਲਜ਼ਾਮ ਮਬਾਜ਼ੀ ਵੀ ਇਸੇ ਸਕੀਮ ਦਾ ਹਿੱਸਾ ਹੈ। ਮੁੱਖ ਮੰਤਰੀ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਕਿਸਾਨ ਜਥੇਬੰਦੀਆਂ ਲੋਕਾਂ ਦੇ ਸੰਘਰਸ਼ਾਂ ਦੀ ਨੋਕ ਬਣੀਆਂ ਹੋਈਆਂ ਹਨ ਅਤੇ ਇਨ੍ਹਾਂ ਨੂੰ ਬਦਨਾਮ ਕੀਤੇ ਬਿਨਾਂ ਲੋਕਾਂ ਤੇ ਆਪਣਾ ਕਾਰਪੋਰੇਟ ਪੱਖੀ ਏਜੰਡਾ ਲਾਗੂ ਕਰਨਾ ਆਸਾਨ ਨਹੀਂ ਹੈ। ਸਰਕਾਰ ਚਾਹੁੰਦੀ ਹੈ ਕਿ ਲੋਕ ਇਸ ਜ਼ਬਰ ਤੋਂ ਡਰ ਕੇ ਸੰਘਰਸ਼ਾਂ ਤੋਂ ਮੂੰਹ ਮੋੜ ਲੈਣ ਪਰ ਸਰਕਾਰ ਨੂੰ ਕੰਧ ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ਕਿ ਪੰਜਾਬ ਦੇ ਅਣਖੀ ਤੇ ਬਹਾਦਰ ਲੋਕ ਕਦੇ ਵੀ ਜ਼ਬਰ ਨਾਲ ਦਬਾਇਆਂ ਨਹੀਂ ਦਬਦੇ ਸਗੋਂ ਦੁੱਗਣੇ ਜੋਸ਼ ਅਤੇ ਉਤਸ਼ਾਹ ਨਾਲ ਸੰਘਰਸ਼ ਦੇ ਮੈਦਾਨਾਂ ਵਿੱਚ ਡਟ ਜਾਂਦੇ ਹਨ।