ਝੋਨੇ ਦੀ ਲੁਆਈ ਮੌਕੇ ਨਹਿਰੀ ਬੰਦੀ ਨੇ ਅੰਨਦਾਤਾ ਦੇ ਸਾਹ ਸੂਤੇ

0

ਨਹਿਰੀ ਬੰਦੀ ਕਿਸਾਨਾਂ ਨੂੰ ਰੜਕਣ ਲੱਗੀ; ਵਾਟਰ ਵਰਕਸਾਂ ਦੀਆਂ ਟੈਂਕੀਆਂ ਵੀ ਹੋਈਆਂ ਖ਼ਾਲੀ

ਮਾਨਸਾ, 7 ਜੂਨ (ਨਿਊਜ਼ ਟਾਊਨ ਨੈਟਵਰਕ) : ਮਾਲਵੇ ਦੇ 4 ਜ਼ਿਲ੍ਹਿਆਂ ਮਾਨਸਾ, ਬਠਿੰਡਾ, ਬਰਨਾਲਾ ਅਤੇ ਸੰਗਰੂਰ ਵਿੱਚ ਨਹਿਰਾਂ ਦੀ ਬੰਦੀ ਕਾਰਨ ਵਾਟਰ ਵਰਕਸ ਛੁੱਟੀ ਕਰ ਗਏ ਹਨ ਅਤੇ ਝੋਨੇ ਦੀ ਲੁਆਈ ਲਈ ਨਹਿਰੀ ਪਾਣੀ ਵੱਡੀ ਘਾਟ ਰੜਕਣ ਲੱਗੀ ਹੈ। ਬਠਿੰਡਾ ਜ਼ਿਲ੍ਹੇ ਵਿੱਚ ਝੋਨੇ ਦੀ ਲੁਆਈ ਸ਼ੁਰੂ ਹੋ ਗਈ ਹੈ, ਪਰ ਕੋਟਲਾ ਬ੍ਰਾਂਚ ਵਿੱਚੋਂ ਨਿਕਲਦੇ ਰਜਬਾਹਿਆਂ, ਸੂਇਆਂ ਅਤੇ ਕੱਸੀਆਂ ਵਿੱਚ ਤਲਵੰਡੀ ਸਾਬੋ ਵਾਲੇ ਖੇਤਰ ਦੇ ਖੇਤਾਂ ਵਿੱਚ ਨਹਿਰੀ ਪਾਣੀ ਨਹੀਂ ਪੁੱਜ ਰਿਹਾ। ਇਹੋ ਹਾਲ ਮਾਨਸਾ, ਬਰਨਾਲਾ ਅਤੇ ਸੰਗਰੂਰ ਜ਼ਿਲ੍ਹਿਆਂ ਦਾ ਹੈ, ਜਿੱਥੇ 9 ਜੂਨ ਤੋਂ ਝੋਨੇ ਦੀ ਲੁਆਈ ਸ਼ੁਰੂ ਹੋਣ ਜਾ ਰਹੀ ਹੈ। ਇਸ ਖੇਤਰ ਵਿੱਚ ਭਾਖੜਾ ਨਹਿਰ ਦੀ ਬੰਦੀ ਹੋਣ ਕਾਰਨ 52 ਤੋਂ ਵੱਧ ਪਿੰਡਾਂ ਦੇ ਲੋਕ ਪੀਣ ਵਾਲੇ ਪਾਣੀ ਕਾਰਨ ਤਿਹਾਏ ਹੋਏ ਪਏ ਹਨ, ਕਿਉਂਕਿ ਵਾਟਰ ਵਰਕਸਾਂ ਦੀਆਂ ਟੈਂਕੀਆਂ ਨਹਿਰਾਂ ਦੀ ਬੰਦੀ ਕਾਰਨ ਬਹੁਤ ਦਿਨ ਪਹਿਲਾਂ ਖਾਲੀ ਹੋ ਗਈਆਂ ਹਨ। ਝੋਨੇ ਦੇ ਸੀਜ਼ਨ ਅਤੇ ਗਰਮੀ ਦੇ ਦਿਨਾਂ ਦੌਰਾਨ ਫ਼ਸਲਾਂ ਨੂੰ ਬਚਾਉਣ ਲਈ ਹੁਣ ਕਿਸਾਨ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ ਪਾਣੀ ਲਾਉਣ ਲਈ ਮਜਬੂਰ ਹਨ। ਧਰਤੀ ਹੇਠਲਾ ਪਾਣੀ ਚੰਗਾ ਨਾ ਹੋਣ ਕਰਕੇ ਇਸ ਦਾ ਖੇਤਾਂ ਉਪਰ ਮਾੜਾ ਅਸਰ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਜਲ ਸਰੋਤ ਵਿਭਾਗ ਪੰਜਾਬ ਵੱਲੋਂ ਕੋਟਲਾ ਬ੍ਰਾਂਚ ਨੂੰ 8 ਜੂਨ ਤੱਕ ਬੰਦ ਕੀਤਾ ਹੋਇਆ ਹੈ, ਜਿਸ ਕਾਰਨ 4 ਜ਼ਿਲ੍ਹਿਆਂ ਦੇ ਰਜਬਾਹੇ, ਸੂਏ, ਕੱਸੀਆਂ ਅਤੇ ਨਹਿਰਾਂ ਵਿੱਚ ਪਾਣੀ ਨਹੀਂ ਆ ਰਿਹਾ। ਪਾਣੀ ਨਾ ਆਉਣ ਕਾਰਨ ਪਹਿਲਾਂ ਹੀ 15 ਤੋਂ 31 ਮਈ ਤੱਕ ਝੋਨੇ ਦੀ ਸਿੱਧੀ ਬਿਜਾਈ ਵੀ ਪ੍ਰਭਾਵਿਤ ਹੋਈ ਹੈ। ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਦੇ ਸੂਬਾ ਆਗੂ ਇਕਬਾਲ ਸਿੰਘ ਫਫੜੇ ਨੇ ਕਿਹਾ ਕਿ ਸਰਕਾਰ ਮੱਕੀ ਦੀ ਫ਼ਸਲ ਦੀ ਬਿਜਾਈ ਲਈ ਕਿਸਾਨਾਂ ਨੂੰ ਲਗਾਤਾਰ ਪ੍ਰੇਰਿਤ ਕਰ ਰਹੀ ਹੈ, ਪਰ ਨਹਿਰਾਂ ਵਿੱਚ ਪਾਣੀ ਨਾ ਹੋਣ ਕਾਰਨ ਫ਼ਸਲ ਦੀ ਬਿਜਾਈ ਦਾ ਸਹੀ ਸਮਾਂ ਲੰਘਣ ਲੱਗਿਆ ਹੈ। ਉਨ੍ਹਾਂ ਕਿਹਾ ਕਿ ਕੋਟਲਾ ਬ੍ਰਾਂਚ ਵਿੱਚ ਨਹਿਰੀ ਪਾਣੀ ਬੰਦ ਹੋਣ ਕਾਰਨ ਸਭ ਤੋਂ ਵੱਡੀ ਮੁਸੀਬਤ ਪਿੰਡਾਂ ਦੇ ਲੋਕਾਂ ਨੂੰ ਆਉਣ ਲੱਗੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰ ਸਾਲ ਸਾਉਣੀ ਦੀ ਬਿਜਾਈ ਵੇਲੇ ਨਹਿਰਾਂ ਨੂੰ ਬੰਦ ਕਰ ਦਿੰਦੀ ਹੈ।

Leave a Reply

Your email address will not be published. Required fields are marked *