ਸੀਬੀਆਈ ਨੇ ਚੰਡੀਗੜ੍ਹ ਪੁਲਿਸ ਦਾ ASI ਰਿਸ਼ਵਤ ਲੈਂਦਾ ਫੜਿਆ

0

ਏਐਸਆਈ ਹਿਤੇਸ਼ ਨੇ ਗੱਡੀ ਛੱਡਣ ਬਦਲੇ ਮੰਗੇ ਸੀ 50,000 ਰੁਪਏ

ਚੰਡੀਗੜ੍ਹ, 7 ਜੂਨ (ਦੁਰਗੇਸ਼ ਗਾਜਰੀ) : ਸ਼ਨੀਵਾਰ ਰਾਤ ਨੂੰ ਸੀਬੀਆਈ ਨੇ ਸੈਕਟਰ 39 ਪੁਲਿਸ ਸਟੇਸ਼ਨ ਦੇ ਏਐਸਆਈ ਹਿਤੇਸ਼ ਨੂੰ 40,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ। ਏਐਸਆਈ, ਇੱਕ ਵਿਅਕਤੀ ਤੋਂ ਉਸਦੀ ਗੱਡੀ ਛੱਡਣ ਦੇ ਬਦਲੇ ਰਿਸ਼ਵਤ ਮੰਗ ਰਿਹਾ ਸੀ। ਇੱਕ ਸ਼ਿਕਾਇਤ ਤੋਂ ਬਾਅਦ ਸੀਬੀਆਈ ਨੇ ਜਾਲ ਵਿਛਾਇਆ ਅਤੇ ਏਐਸਆਈ ਨੂੰ ਗ੍ਰਿਫ਼ਤਾਰ ਕਰ ਲਿਆ। ਸ਼ਿਕਾਇਤਕਰਤਾ ਅਮਰਦੀਪ ਨੇ ਦੱਸਿਆ ਕਿ ਉਸਦੀ ਗੱਡੀ ਪੁਲਿਸ ਨੇ ਇੱਕ ਸੜਕ ਹਾਦਸੇ ਵਿੱਚ ਜ਼ਬਤ ਕਰ ਲਈ ਸੀ। ਉਸਨੇ ਜ਼ਿਲ੍ਹਾ ਅਦਾਲਤ ਤੋਂ ਗੱਡੀ ਨੂੰ ਜ਼ਮਾਨਤ ‘ਤੇ ਛੱਡਣ ਦਾ ਹੁਕਮ ਪ੍ਰਾਪਤ ਕੀਤਾ ਸੀ। ਇਸ ਦੇ ਬਾਵਜੂਦ, ਏਐਸਆਈ ਗੱਡੀ ਨੂੰ ਛੱਡ ਨਹੀਂ ਰਿਹਾ ਸੀ। ਏਐਸਆਈ ਨੇ ਗੱਡੀ ਛੱਡਣ ਲਈ 50,000 ਰੁਪਏ ਰਿਸ਼ਵਤ ਦੀ ਮੰਗ ਕੀਤੀ। ਫਿਰ ਉਹ 40,000 ਰੁਪਏ ਲੈਣ ਲਈ ਰਾਜ਼ੀ ਹੋ ਗਿਆ। ਸ਼ਿਕਾਇਤਕਰਤਾ ਨੇ ਇਸ ਬਾਰੇ ਸੀਬੀਆਈ ਨੂੰ ਸੂਚਿਤ ਕੀਤਾ। ਫਿਰ ਸੀਬੀਆਈ ਨੇ ਸ਼ਿਕਾਇਤ ਦੀ ਜਾਂਚ ਕੀਤੀ ਅਤੇ ਉਸ ਦੇ ਆਧਾਰ ‘ਤੇ ਉਸਨੂੰ ਫੜਨ ਲਈ ਜਾਲ ਵਿਛਾਇਆ। ਜਿਵੇਂ ਹੀ ਦੋਸ਼ੀ ਪੈਸੇ ਲੈਣ ਲਈ ਪਹੁੰਚਿਆ, ਸੀਬੀਆਈ ਟੀਮ ਨੇ ਉਸਨੂੰ ਫੜ ਲਿਆ। ਦੋਸ਼ੀ ਨੂੰ ਹੁਣ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇਹ ਚੰਡੀਗੜ੍ਹ ਸੀਬੀਆਈ ਵੱਲੋਂ ਪਿਛਲੇ 5 ਦਿਨਾਂ ਵਿੱਚ ਰਿਸ਼ਵਤਖੋਰੀ ਮਾਮਲੇ ਵਿੱਚ ਕੀਤੀ ਗਈ ਦੂਜੀ ਕਾਰਵਾਈ ਹੈ। ਇਸ ਤੋਂ ਪਹਿਲਾਂ 2 ਜੂਨ ਨੂੰ ਕਾਲਕਾ ਰੇਲਵੇ ਸਟੇਸ਼ਨ ‘ਤੇ ਇੱਕ ਕਲਰਕ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਫੜਿਆ ਗਿਆ ਸੀ। ਦੱਸਣਯੋਗ ਹੈ ਕਿ 40,000 ਰੁਪਏ ਦੀ ਰਿਸ਼ਵਤ ਲੈਂਦੇ ਫੜੇ ਗਏ ਏਐਸਆਈ ਦੀ ਡਿਊਟੀ ਅਜੇ 3 ਸਾਲ ਤੋਂ ਘੱਟ ਹੈ। ਏਐਸਆਈ ਹਿਤੇਸ਼ ਕੁਮਾਰ ਲਗਭਗ ਢਾਈ ਸਾਲ ਤੋਂ ਨੌਕਰੀ ‘ਤੇ ਹੈ। ਉਸਦਾ ਪ੍ਰੋਬੇਸ਼ਨ ਪੀਰੀਅਡ ਵੀ ਖਤਮ ਨਹੀਂ ਹੋਇਆ ਸੀ। ਇਸ ਤੋਂ ਪਹਿਲਾਂ ਵੀ ਏਐਸਆਈ ਨੇ ਰਿਸ਼ਵਤਖੋਰੀ ਦੀ ਖੇਡ ਸ਼ੁਰੂ ਕਰ ਦਿੱਤੀ ਸੀ।

Leave a Reply

Your email address will not be published. Required fields are marked *