CBI ਸਾਹਮਣੇ ਵਿਜੀਲੈਂਸ ਰੀਡਰ ਰਾਣਾ ਨੇ ਖੋਲ੍ਹੇ ਕਈ ਭੇਤ

0

ਪੁੱਛਗਿੱਛ ਦੌਰਾਨ ਰਾਣਾ ਤੋਂ ਅਹਿਮ ਸੁਰਾਗ ਹੱਥ ਲੱਗੇ

ਚੰਡੀਗੜ੍ਹ, 7 ਜੂਨ (ਦੁਰਗੇਸ਼ ਗਾਜਰੀ) : ਸੀ.ਬੀ.ਆਈ ਹੁਣ ਮਲੋਟ ਦੀ ਤਿੱਕੜੀ ਨਾਲ ਸਬੰਧਿਤ ‘ਰਿਸ਼ਵਤ ਕਾਂਡ’ ਮਾਮਲੇ ’ਚ ਵਿਜੀਲੈਂਸ ਬਿਊਰੋ ਦੇ ਉੱਚ ਅਫ਼ਸਰਾਂ ਵੱਲ ਵਧਣ ਲੱਗੀ ਹੈ। ਹਾਲਾਂਕਿ ਵਿਜੀਲੈਂਸ ਬਿਊਰੋ ਦੇ ਮੁਖੀ ਸ਼ਰਦ ਸੱਤਿਆ ਚੌਹਾਨ ਦੇ ਨਾਮ ਦੀ ਸੀਬੀਆਈ ਵੱਲੋਂ ਦਰਜ ਐੱਫ਼ ਆਈ ਆਰ ’ਚ ਗੂੰਜ ਤਾਂ ਪਈ ਹੈ ਪਰ ਸਿੱਧੇ ਤੌਰ ’ਤੇ ਉਨ੍ਹਾਂ ਖ਼ਿਲਾਫ਼ ਕੋਈ ਇਲਜ਼ਾਮ ਪੁਲਿਸ ਕੇਸ ’ਚ ਸਾਹਮਣੇ ਨਹੀਂ ਆਏ। ਵਿਜੀਲੈਂਸ ਮੁਖੀ ਦੇ ਰੀਡਰ ਓਮ ਪ੍ਰਕਾਸ਼ ਸਿੰਘ ਰਾਣਾ ਇਸ ਵੇਲੇ ਪੁਲਿਸ ਰਿਮਾਂਡ ’ਤੇ ਹਨ ਅਤੇ 8 ਜੂਨ ਨੂੰ ਰੀਡਰ ਰਾਣਾ ਦਾ ਪੁਲਿਸ ਰਿਮਾਂਡ ਖ਼ਤਮ ਹੋ ਰਿਹਾ ਹੈ। ਸੀਬੀਆਈ ਨੂੰ ਰੀਡਰ ਰਾਣਾ ਤੋਂ ਪੁੱਛਗਿੱਛ ਦੌਰਾਨ ਅਹਿਮ ਸੁਰਾਗ ਹੱਥ ਲੱਗੇ ਹਨ ਜੋ ਵਿਜੀਲੈਂਸ ਦੇ ਉੱਚ ਅਫ਼ਸਰਾਂ ਦੀਆਂ ਮੁਸ਼ਕਲਾਂ ਵਧਾ ਸਕਦੇ ਹਨ ਅਤੇ ਰਿਸ਼ਵਤ ਕਾਂਡ ਨੂੰ ਨਵਾਂ ਮੋੜਾ ਦੇ ਸਕਦੇ ਹਨ। ਕੇਂਦਰੀ ਏਜੰਸੀ ਨੂੰ ਪੁਲਿਸ ਰਿਮਾਂਡ ਦੌਰਾਨ ਰੀਡਰ ਰਾਣਾ ਕੋਲੋਂ ਇੱਕ ਮੋਬਾਈਲ ਫ਼ੋਨ ਬਰਾਮਦ ਹੋਇਆ ਹੈ। ਇਸ ਡਿਵਾਈਸ ਦੀ ਜਾਂਚ ਦੌਰਾਨ ਮੁਲਜ਼ਮਾਂ ਵਿਚਾਲੇ ਰਿਸ਼ਵਤ ਦੀ ਮੰਗ ਤੇ ਅਪਰਾਧਿਕ ਸਾਜ਼ਿਸ਼ ਬਾਰੇ ਸੀ ਬੀ ਆਈ ਨੂੰ ਅਹਿਮ ਭੇਤ ਹੱਥ ਲੱਗੇ ਹਨ। ਅਹਿਮ ਸੂਤਰਾਂ ਅਨੁਸਾਰ ਵਿਜੀਲੈਂਸ ਦੇ ਇੱਕ ਉੱਚ ਅਧਿਕਾਰੀ ਨਾਲ ਵੀ ਮੁਲਜ਼ਮਾਂ ਦੀ ਅਹਿਮ ਚੈੱਟ ਸਾਹਮਣੇ ਆਈ ਹੈ। ਨਵੇਂ ਭੇਤ ਮਿਲਣ ਮਗਰੋਂ ਸੀ ਬੀ ਆਈ ਹੁਣ ਸੋਮਵਾਰ ਨੂੰ ਮਾਡਲ ਜੇਲ੍ਹ ਚੰਡੀਗੜ੍ਹ ’ਚ ਬੰਦ ਮਲੋਟ ਦੇ ਰਾਘਵ ਗੋਇਲ ਅਤੇ ਡਰਾਈਵਰ ਅੰਕਿਤ ਵਧਵਾ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਰਹੀ ਹੈ। ਸੀ ਬੀ ਆਈ ਰਾਘਵ ਗੋਇਲ, ਅੰਕਿਤ ਵਧਵਾ ਅਤੇ ਰੀਡਰ ਰਾਣਾ ਨੂੰ ਆਹਮੋ ਸਾਹਮਣੇ ਬਿਠਾ ਕੇ ਪੁੱਛਗਿੱਛ ਕਰੇਗੀ। ਮਲੋਟ ਦੇ ਵਿਕਾਸ ਗੋਇਲ, ਉਸ ਦਾ ਪੁੱਤਰ ਰਾਘਵ ਗੋਇਲ ਅਤੇ ਅੰਕਿਤ ਵਧਵਾ 20 ਜੂਨ ਤੱਕ ਨਿਆਇਕ ਹਿਰਾਸਤ ’ਚ ਹਨ। ਕੇਂਦਰੀ ਏਜੰਸੀ ਅਨੁਸਾਰ ਮਲੋਟ ਦੇ ਇਹ ਪਿਉ ਪੁੱਤ ਵਿਜੀਲੈਂਸ ਦੇ ਵਿਚੋਲੇ ਵਜੋਂ ਕੰਮ ਕਰਦੇ ਸਨ। ਸੂਤਰਾਂ ਅਨੁਸਾਰ ਵਿਜੀਲੈਂਸ ਬਿਊਰੋ ਪੰਜਾਬ ਦੇ ਅਫ਼ਸਰਾਂ ’ਚ ਸੀ ਬੀ ਆਈ ਦੀ ਅੱਗੇ ਵਧ ਰਹੀ ਜਾਂਚ ਨੂੰ ਲੈ ਕੇ ਕਾਫ਼ੀ ਘਬਰਾਹਟ ਹੈ। ਸਿਆਸੀ ਵਿਸ਼ਲੇਸ਼ਕ ਆਖਦੇ ਹਨ ਕਿ ਅਗਰ ਕੇਂਦਰੀ ਏਜੰਸੀ ਨੇ ਵਿਜੀਲੈਂਸ ਬਿਊਰੋ ਦੇ ਅਫ਼ਸਰਾਂ ਨੂੰ ਲਪੇਟੇ ’ਚ ਲੈ ਲਿਆ ਤਾਂ ਇਸ ਨਾਲ ਪੰਜਾਬ ਸਰਕਾਰ ਦੀ ‘ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ’ ਨੂੰ ਸਿੱਧੀ ਸੱਟ ਵੱਜੇਗੀ। ਦੱਸਣਯੋਗ ਹੈ ਕਿ ਸੀ.ਬੀ.ਆਈ ਨੇ 11 ਮਈ ਨੂੰ ਮਲੋਟ ਦੇ ਪਿਉ ਪੁੱਤ ਵਿਕਾਸ ਗੋਇਲ ਤੇ ਰਾਘਵ ਗੋਇਲ ਦੇ ਡਰਾਈਵਰ ਅੰਕਿਤ ਵਧਵਾ ਨੂੰ ਚੰਡੀਗੜ੍ਹ ਦੇ ਇੱਕ ਹੋਟਲ ’ਚ 13 ਲੱਖ ਰੁਪਏ ਦੀ ਨਗਦੀ ਤੇ ਮੋਬਾਈਲ ਫੋਨ ਸਮੇਤ ਦਬੋਚਿਆ ਸੀ। ਸੀ ਬੀ ਆਈ ਨੇ ਟਰੈਪ ਕੇਸ ’ਚ ਥੋੜ੍ਹੇ ਸਮੇਂ ਮਗਰੋਂ ਵਿਕਾਸ ਗੋਇਲ ਤੇ ਰਾਘਵ ਗੋਇਲ ਨੂੰ ਅੰਬਾਲਾ ਲਾਗਿਓ ਗ੍ਰਿਫ਼ਤਾਰ ਕਰ ਲਿਆ ਸੀ ਜਦੋਂ ਕਿ ਰੀਡਰ ਰਾਣਾ ਫ਼ਰਾਰ ਹੋਣ ’ਚ ਕਾਮਯਾਬ ਹੋ ਗਿਆ ਸੀ। ਥੋੜ੍ਹੇ ਦਿਨ ਪਹਿਲਾਂ ਰੀਡਰ ਰਾਣਾ ਨੇ ਸੀ ਬੀ ਆਈ ਦੀ ਚੰਡੀਗੜ੍ਹ ਅਦਾਲਤ ’ਚ ਆਤਮ ਸਮਰਪਣ ਕਰ ਦਿੱਤਾ ਸੀ। ਸੰਘੀ ਏਜੰਸੀ ਦੀ ਪੁੱਛਗਿੱਛ ਦੌਰਾਨ ਰੀਡਰ ਰਾਣਾ ਨੇ ਕਈ ਤੱਥ ਬੇਪਰਦ ਕੀਤੇ ਹਨ। ਚੇਤੇ ਰਹੇ ਕਿ ਰੀਡਰ ਰਾਣਾ ਦੀ ਵਿਜੀਲੈਂਸ ਮੁਖੀ ਦੇ ਰੀਡਰ ਵਜੋਂ ਤਾਇਨਾਤੀ ਗੈਰ ਕਾਨੂੰਨੀ ਸੀ ਕਿਉਂਕਿ ਰਾਣਾ ਦੇ 29 ਜੁਲਾਈ 2020 ਨੂੰ ਆਖ਼ਰੀ ਆਰਡਰ ਏਡੀਜੀਪੀ ਟਰੈਫ਼ਿਕ ਐੱਸ ਐੱਸ ਚੌਹਾਨ ਨਾਲ ਬਤੌਰ ਰੀਡਰ ਹੋਏ ਸਨ। ਸਰਕਾਰੀ ਰਿਕਾਰਡ ਅਨੁਸਾਰ ਰਾਣਾ ਏਡੀਜੀਪੀ ਟਰੈਫ਼ਿਕ ਦਾ ਰੀਡਰ ਸੀ ਪ੍ਰੰਤੂ ਉਹ ਇਸ ਵੇਲੇ ਵਿਜੀਲੈਂਸ ਮੁਖੀ ਦੇ ਰੀਡਰ ਵਜੋਂ ਕੰਮ ਕਰ ਰਿਹਾ ਸੀ। ਪੰਜਾਬ ਸਰਕਾਰ ਨੇ 18 ਮਈ ਨੂੰ ਰੀਡਰ ਰਾਣਾ ਨੂੰ ਮੁਅੱਤਲ ਕਰ ਦਿੱਤਾ ਸੀ।

Leave a Reply

Your email address will not be published. Required fields are marked *