ਫ਼ਤਿਹਗੜ੍ਹ ਸਾਹਿਬ ਦੀ ਧੀ ਵੰਦਨਾ ਆਨੰਦ ਨੇ ਮਿਸਿਜ਼ ਇੰਡੀਆ ਦਾ ਖ਼ਿਤਾਬ ਜਿੱਤ ਕੇ ਵਧਾਇਆ ਮਾਣ

ਫ਼ਤਿਹਗੜ੍ਹ ਸਾਹਿਬ 13 ਮਈ (ਰਾਜਿੰਦਰ ਸਿੰਘ ਭੱਟ) ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਨਾਮ ਇੱਕ ਹੋਰ ਵੱਡੀ ਰਾਸ਼ਟਰੀ ਉਪਲਬਧੀ ਜੁੜ ਗਈ ਹੈ। ਉਦਯੋਗਿਕ ਸ਼ਹਿਰ ਮੰਡੀ ਗੋਬਿੰਦਗੜ੍ਹ ਦੀ ਜੰਮਪਲ ਵੰਦਨਾ ਆਨੰਦ ਨੇ ਦਿੱਲੀ ਵਿਖੇ ਆਯੋਜਿਤ ਹੋਏ ਵੱਕਾਰੀ ਸੁੰਦਰਤਾ ਮੁਕਾਬਲੇ ਵਿੱਚ ‘ਮਿਸਿਜ਼ ਇੰਡੀਆ’ ਦਾ ਖ਼ਿਤਾਬ ਹਾਸਿਲ ਕਰਕੇ ਅੰਤਰਰਾਸ਼ਟਰੀ ਪੱਧਰ ‘ਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਇਸ ਜਿੱਤ ਨਾਲ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਵੰਦਨਾ ਆਨੰਦ ਦਾ ਸ਼ਹਿਰ ਪਹੁੰਚਣ ‘ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਜਿਵੇਂ ਹੀ ਵੰਦਨਾ ਆਨੰਦ ਆਪਣੇ ਗ੍ਰਹਿ ਸ਼ਹਿਰ ਮੰਡੀ ਗੋਬਿੰਦਗੜ੍ਹ ਪਹੁੰਚੇ, ਤਾਂ ਇਲਾਕਾ ਵਾਸੀਆਂ, ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਦਾ ਪਲਕਾਂ ਵਿਛਾ ਕੇ ਸਵਾਗਤ ਕੀਤਾ ਗਿਆ। ਢੋਲ ਦੀਆਂ ਤਾਲਾਂ ‘ਤੇ ਭੰਗੜੇ ਪਾਏ ਗਏ ਅਤੇ ਫੁੱਲਾਂ ਦੀ ਵਰਖਾ ਕੀਤੀ ਗਈ। ਇਸ ਮੌਕੇ ‘ਤੇ ਵਿਸ਼ੇਸ਼ ਤੌਰ ‘ਤੇ ਪਹੁੰਚੀ ਮਹਿਲਾ ਕਿਸਾਨ ਮਜ਼ਦੂਰ ਯੂਨੀਅਨ ਏਕਤਾ ਦੀ ਸੂਬਾ ਪ੍ਰਧਾਨ ਬੀਬੀ ਗੁਰਜੀਤ ਕੌਰ ਅਤੇ ਸਮਾਜ ਸੇਵਕ ਚਰਨਜੀਤ ਤੂਰ ਨੇ ਵੰਦਨਾ ਆਨੰਦ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਅੱਜ ਦੀਆਂ ਧੀਆਂ ਹਰ ਖੇਤਰ ਵਿੱਚ ਮੱਲਾਂ ਮਾਰ ਰਹੀਆਂ ਹਨ ਅਤੇ ਵੰਦਨਾ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬੀ ਔਰਤਾਂ ਕਿਸੇ ਵੀ ਪੱਖੋਂ ਘੱਟ ਨਹੀਂ ਹਨ।ਉਹਨਾਂ ਦੱਸਿਆ ਕਿਦਿੱਲੀ ਵਿੱਚ ਹੋਏ ਇਸ ਰਾਸ਼ਟਰੀ ਪੱਧਰ ਦੇ ਸਮਾਗਮ ਵਿੱਚ ਦੇਸ਼ ਭਰ ਤੋਂ ਚੁਣੀਆਂ ਗਈਆਂ ਪ੍ਰਤਿਭਾਸ਼ਾਲੀ ਔਰਤਾਂ ਨੇ ਹਿੱਸਾ ਲਿਆ ਸੀ। ਵੰਦਨਾ ਆਨੰਦ ਨੇ ਨਾ ਸਿਰਫ਼ ਮੁੱਖ ਖ਼ਿਤਾਬ ਜਿੱਤਿਆ, ਬਲਕਿ ਆਪਣੀ ਸ਼ਖ਼ਸੀਅਤ ਅਤੇ ਹੁਨਰ ਸਦਕਾ ਮਿਸਿਜ਼ ਇੰਡੀਆ ,ਮਿਸਿਜ਼ ਇੰਡੀਆ ਫਸਟ ਰਨਰ ਅਪ,ਮਿਸਿਜ਼ ਰੋਇਲ ਬਿਊਟੀ, ਆਪਰੇਸ਼ਨ ਸੰਧੂਰ ਐਵਾਰਡ ਹਾਸਿਲ ਕੀਤੇl
ਮੀਡੀਆ ਨਾਲ ਗੱਲਬਾਤ ਕਰਦਿਆਂ ਭਾਵੁਕ ਹੁੰਦਿਆਂ ਵੰਦਨਾ ਆਨੰਦ ਨੇ ਦੱਸਿਆ ਕਿ ਉਨ੍ਹਾਂ ਦੀ ਇਸ ਸਫ਼ਲਤਾ ਪਿੱਛੇ ਉਨ੍ਹਾਂ ਦੇ ਪਰਿਵਾਰ ਅਤੇ ਖ਼ਾਸ ਕਰਕੇ ਉਨ੍ਹਾਂ ਦੇ ਪਤੀ ਕਰਨਲ ਗੌਰਵ ਆਨੰਦ ਦਾ ਬਹੁਤ ਵੱਡਾ ਹੱਥ ਹੈ। ਉਨ੍ਹਾਂ ਦੱਸਿਆ ਕਿ ਫ਼ੌਜ ਵਿੱਚ ਕਰਨਲ ਵਜੋਂ ਸੇਵਾ ਨਿਭਾ ਰਹੇ ਉਨ੍ਹਾਂ ਦੇ ਪਤੀ ਨੇ ਹਰ ਮੋੜ ‘ਤੇ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਅਤੇ ਮਿਹਨਤ ਕਰਨ ਲਈ ਪ੍ਰੇਰਿਆ। ਉਨ੍ਹਾਂ ਕਿਹਾ, “ਦਿੱਲੀ ਦੇ ਮੁਕਾਬਲੇ ਵਿੱਚ ਇੱਕ ਤੋਂ ਇੱਕ ਕਾਬਲ ਪ੍ਰਤੀਯੋਗੀ ਸਨ, ਪਰ ਪਰਮਾਤਮਾ ਦੀ ਕਿਰਪਾ ਅਤੇ ਸਖ਼ਤ ਅਭਿਆਸ ਸਦਕਾ ਮੈਂ ਇਹ ਤਾਜ ਹਾਸਿਲ ਕਰਨ ਵਿੱਚ ਸਫ਼ਲ ਰਹੀ ਹਾਂ।”ਵੰਦਨਾ ਆਨੰਦ ਦੀ ਇਹ ਪ੍ਰਾਪਤੀ ਵਿਆਹੁਤਾ ਔਰਤਾਂ ਲਈ ਇੱਕ ਵੱਡੀ ਮਿਸਾਲ ਬਣ ਕੇ ਸਾਹਮਣੇ ਆਈ ਹੈ। ਉਨ੍ਹਾਂ ਨੇ ਸੰਦੇਸ਼ ਦਿੱਤਾ ਕਿ ਵਿਆਹ ਤੋਂ ਬਾਅਦ ਸੁਪਨੇ ਖ਼ਤਮ ਨਹੀਂ ਹੁੰਦੇ, ਬਲਕਿ ਜੇਕਰ ਪਰਿਵਾਰ ਦਾ ਸਹਿਯੋਗ ਅਤੇ ਆਪਣੀ ਮਿਹਨਤ ਹੋਵੇ, ਤਾਂ ਅਸਮਾਨ ਦੀਆਂ ਬੁਲੰਦੀਆਂ ਨੂੰ ਛੂਹਿਆ ਜਾ ਸਕਦਾ ਹੈ। ਇਲਾਕਾ ਨਿਵਾਸੀਆਂ ਨੇ ਵੰਦਨਾ ਦੇ ਪਰਿਵਾਰ ਨੂੰ ਵਧਾਈਆਂ ਦਿੰਦਿਆਂ ਉਮੀਦ ਜਤਾਈ ਕਿ ਉਹ ਆਉਣ ਵਾਲੇ ਸਮੇਂ ਵਿੱਚ ਅੰਤਰਰਾਸ਼ਟਰੀ ਪੱਧਰ ‘ਤੇ ਵੀ ਦੇਸ਼ ਦਾ ਮਾਣ ਵਧਾਉਣਗੇ। ਇਸ ਮੌਕੇ ਬਲਜਿੰਦਰ ਝਾਂਜੀ ਪ੍ਰਵੀਨ ਬਾਲਾ, ਚਰਨਜੀਤ ਤੂਰ ਸਮਾਜ ਸੇਵਕ, ਸਾਹਿਬ ਜੋਤ ਕੌਰ ਤੇ ਹੋਰ ਮੌਜੂਦ ਸਨ।
