ਮੁੱਖ ਮੰਤਰੀ ਨੇ ਸਿੰਗਾਪੁਰ ਟ੍ਰੇਨਿੰਗ ਲਈ ਪ੍ਰਿੰਸੀਪਲਾਂ ਦੇ 8ਵੇਂ ਬੈਚ ਨੂੰ ਕੀਤਾ ਰਵਾਨਾ

0
Screenshot 2026-03-07 183347

ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਵਿਸ਼ਵ ਪੱਧਰੀ ਸਿੱਖਿਆ ਮਿਲ ਰਹੀ ਹੈ : ਮੁੱਖ ਮੰਤਰੀ


ਚੰਡੀਗੜ੍ਹ, 8 ਮਾਰਚ (ਦੁਰਗੇਸ਼ ਗਾਜਰੀ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਿੰਗਾਪੁਰ ਦੀ ਪ੍ਰਿੰਸੀਪਲ ਅਕੈਡਮੀ ਵਿਖੇ ਸਿਖਲਾਈ ਲਈ 30 ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਦੇ ਅੱਠਵੇਂ ਬੈਚ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਪਹਿਲ ਦਾ ਉਦੇਸ਼ ਅਧਿਆਪਕਾਂ ਨੂੰ ਵਿਸ਼ਵਵਿਆਪੀ ਸਿੱਖਿਆ ਅਭਿਆਸਾਂ ਤੋਂ ਜਾਣੂ ਕਰਵਾਉਣਾ ਅਤੇ ਸੂਬੇ ਦੀ ਜਨਤਕ ਸਿੱਖਿਆ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, “ਸਰਕਾਰੀ ਸਕੂਲਾਂ ਦੇ ਮੁਖੀਆਂ ਨੂੰ ਵਿਸ਼ਵ ਪੱਧਰੀ ਮੌਕੇ ਪ੍ਰਦਾਨ ਕਰਨ ਲਈ 30 ਪ੍ਰਿੰਸੀਪਲਾਂ ਦਾ ਅੱਠਵਾਂ ਬੈਚ 8 ਤੋਂ 14 ਮਾਰਚ ਤੱਕ ਸਿੰਗਾਪੁਰ ਦੀ ਪ੍ਰਿੰਸੀਪਲ ਅਕੈਡਮੀ ਵਿੱਚ ਸਿਖਲਾਈ ਲਈ ਰਵਾਨਾ ਹੋ ਰਿਹਾ ਹੈ। ਹੁਣ ਤੱਕ 234 ਪ੍ਰਿੰਸੀਪਲਾਂ ਅਤੇ ਸਿੱਖਿਆ ਅਧਿਕਾਰੀਆਂ ਵਾਲੇ ਅੱਠ ਬੈਚਾਂ ਨੂੰ ਸਿਖਲਾਈ ਲਈ ਸਿੰਗਾਪੁਰ ਭੇਜਿਆ ਗਿਆ ਹੈ।” ਮੁੱਖ ਮੰਤਰੀ ਨੇ ਅੱਗੇ ਕਿਹਾ, “ਸਿਖਲਾਈ ਦੌਰਾਨ ਇਹ ਪ੍ਰਿੰਸੀਪਲ ਵਿਦੇਸ਼ਾਂ ਵਿੱਚ ਪ੍ਰਚਲਿਤ ਆਧੁਨਿਕ ਸਿੱਖਿਆ ਅਭਿਆਸਾਂ ਤੋਂ ਜਾਣੂ ਹੁੰਦੇ ਹਨ। ਉਨ੍ਹਾਂ ਦੀ ਵਾਪਸੀ ਤੋਂ ਬਾਅਦ ਉਹ ਇਨ੍ਹਾਂ ਅਭਿਆਸਾਂ ਨੂੰ ਵਿਦਿਆਰਥੀਆਂ ਅਤੇ ਸਹਿਯੋਗੀਆਂ ਨਾਲ ਸਾਂਝਾ ਕਰਦੇ ਹਨ ਤਾਂ ਜੋ ਸਾਡੇ ਵਿਦਿਆਰਥੀ ਸਿੱਖਿਆ ਦੇ ਵਿਸ਼ਵ ਪੱਧਰੀ ਮਿਆਰਾਂ ਦਾ ਸਾਹਮਣਾ ਕਰ ਸਕਣ। ਪੰਜਾਬ ਦੇ ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਸੂਬਾ ਸਰਕਾਰ ਬਿਜਲੀ (ਸੋਧ) ਬਿੱਲ 2025 ਦਾ ਸਖ਼ਤ ਵਿਰੋਧ ਕਰੇਗੀ। ਉਨ੍ਹਾਂ ਕਿਹਾ, “ਇਹ ਕੇਂਦਰ ਸਰਕਾਰ ਵੱਲੋਂ ਸੂਬਿਆਂ ਦੇ ਅਧਿਕਾਰਾਂ ਨੂੰ ਹੜੱਪਣ ਦੀ ਕੋਸ਼ਿਸ਼ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਬਿਜਲੀ, ਸਿਹਤ ਅਤੇ ਸਿੱਖਿਆ ਸੂਬੇ ਦੇ ਵਿਸ਼ੇ ਹਨ ਅਤੇ ਕੇਂਦਰ ਨੂੰ ਇਨ੍ਹਾਂ ਵਿੱਚ ਦਖਲ ਦੇਣ ਦਾ ਕੋਈ ਅਧਿਕਾਰ ਨਹੀਂ ਹੈ।”ਅਕਾਲੀ ਆਗੂ ਸੁਖਬੀਰ ਸਿੰਘ ਬਾਦਲ ‘ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ, “ਸੁਖਬੀਰ ਸਿੰਘ ਬਾਦਲ ਜ਼ਮੀਨੀ ਹਕੀਕਤਾਂ ਤੋਂ ਕੋਰਾ ਹੈ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਹਵਾਈ ਕਿਲ੍ਹੇ ਉਸਾਰ ਰਿਹਾ ਹੈ। ਪੰਜਾਬ ਦੇ ਲੋਕ ਅਜਿਹੇ ਆਗੂਆਂ ਦੇ ਪਿਛਲੇ ਰਿਕਾਰਡ ਤੋਂ ਚੰਗੀ ਤਰ੍ਹਾਂ ਜਾਣੂ ਹਨ ਅਤੇ ਉਨ੍ਹਾਂ ਨੂੰ ਸੂਬੇ ਨੂੰ ਬਰਬਾਦ ਕਰਨ ਦਾ ਇੱਕ ਹੋਰ ਮੌਕਾ ਕਦੇ ਨਹੀਂ ਦੇਣਗੇ।” ਇਸ ਮੌਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਹੋਰ ਵੀ ਮੌਜੂਦ ਸਨ।

Leave a Reply

Your email address will not be published. Required fields are marked *